ਖੇਤਾਂ 'ਚੋਂ ਟਰਾਲੀਆਂ ਸਮੇਤ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ

ਮਲੋਟ (ਲੰਬੀ): ਥਾਣਾ ਲੰਬੀ ਦੀ ਪੁਲਿਸ ਨੇ ਖੇਤਾਂ ਵਿੱਚੋਂ ਕਿਸਾਨਾਂ ਦੀਆਂ ਟਰਾਲੀਆਂ ਸਮੇਤ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ। ਸੁਖਮੰਦਰ ਸਿੰਘ ਪੁੱਤਰ ਕੁਲਤਾਰ ਸਿੰਘ ਵਾਸੀ ਭੀਟੀਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਉਹ 18 ਦਸੰਬਰ 2022 ਨੂੰ ਆਪਣੇ ਟਰੈਕਟਰ ਟਰਾਲੀ ਉੱਪਰ ਬੋਰ ਦਾ ਸਮਾਨ ਲੱਦ ਕੇ ਟਰਾਲੀ ਆਪਣੇ ਭਰਾ ਜਸਕਰਨ ਸਿੰਘ ਦੇ ਖੇਤ ਛੱਡ ਕੇ ਉਹ ਘਰ ਆ ਗਏ। ਅਗਲੇ ਦਿਨ ਜਦੋਂ ਉਹ ਖੇਤ ਆਏ ਤਾਂ ਪਤਾ ਲੱਗਿਆ ਕਿ ਟਰਾਲੀ ਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਨੂੰ ਬਾਅਦ ਵਿੱਚ ਪੜਤਾਲ ਕਰਨ 'ਤੇ ਪਤਾ ਚੱਲਿਆ ਕਿ ਇਹ ਚੋਰੀ ਸੰਦੀਪ ਸਿੰਘ ਪੁੱਤਰ ਮਾੜਾ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ, ਵਰਿੰਦਰ ਸਿੰਘ ਪੁੱਤਰ ਸੋਮਾ ਸਿੰਘ, ਨਛੱਤਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਭੀਟੀਵਾਲਾ, ਸੁਖਦੇਵ ਸਿੰਘ ਪੁੱਤਰ ਬੁੱਧਰਾਮ ਵਾਸੀ ਬਾਲਾਸਰ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਰਲਕੇ ਇਕ ਗੈਂਗ ਬਣਾਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਉਕਤ ਪੰਜਾਂ ਵਿਅਕਤੀਆਂ ਵਿਰੁੱਧ ਲੰਬੀ ਥਾਣਾ ਵਿਖੇ ਐੱਫ਼.ਆਈ.ਆਰ ਨੰਬਰ 20 ਮਿਤੀ 1 ਫਰਵਰੀ 2023 ਅ/ਧ 379, 411 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਸੰਦੀਪ ਸਿੰਘ ਪੁੱਤਰ ਮਾੜਾ ਸਿੰਘ ਅਤੇ ਸੁਖਦੇਵ ਰਾਮ ਪੁੱਤਰ ਬੁਧਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੇ ਪੰਜਾਬ ਦੇ ਪਿੰਡਾਂ ਸਮੇਤ ਕਿਸਾਨਾਂ ਦੇ ਖੇਤਾਂ ਵਿੱਚੋਂ ਟਰਾਲੀਆਂ ਸਮੇਤ ਸਮਾਨ ਚੋਰੀ ਕਰਦੇ ਹਨ। ਸੁਖਦੇਵ ਸਿੰਘ ਕਬਾੜ ਦਾ ਕੰਮ ਕਰਦਾ ਹੈ ਅਤੇ ਇਹ ਕਟਰ ਨਾਲ ਟਰਾਲੀਆਂ ਆਦਿ ਦਾ ਲੋਹਾ ਕੱਟ ਕੇ ਅੱਗੇ ਵੇਚਣ ਦਾ ਕੰਮ ਕਰਦੇ ਹਨ। Author: Malout Live