ਐਂਬੂਲੈਂਸ ਬੁਕਿੰਗ ਤੋਂ ਲੈ ਕੇ ਹਸਪਤਾਲ ਦੀ ਜਾਣਕਾਰੀ ਹੁਣ ਐਪ ਤੇ ਮਿਲੇਗੀ- ਸਿਹਤ ਮੰਤਰੀ
ਮਲੋਟ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਜਾ ਰਿਹਾ ਹੈ। ਛੋਟੇ-ਵੱਡੇ ਸਾਰੇ ਹਸਪਤਾਲਾਂ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ ਉਪਲਬੱਧ ਕਰਾਉਣ ਲਈ ਕਦਮ ਚੁੱਕੇ ਗਏ ਹਨ। ਸਾਰੇ ਹਸਪਤਾਲਾਂ ਤੋਂ 2000 ਐਂਬੂਲੈਂਸਾਂ ਨੂੰ ਜੋੜ ਕੇ ਇੱਕ ਐਪ ਜ਼ਰੀਏ ਇਹਨਾਂ ਨੂੰ ਕਨੈਕਟ ਕੀਤਾ ਜਾਵੇਗਾ। ਕੋਈ ਵੀ ਵਿਅਕਤੀ ਇਸ ਨਾਲ ਐਂਬੂਲੈਂਸ ਬੁੱਕ ਕਰ ਸਕੇਗਾ। ਐਪ ਤੋਂ ਇਹ ਜਾਣਕਾਰੀ ਮਿਲੇਗੀ ਕਿ ਮਰੀਜ਼ ਦੇ ਨੇੜੇ ਕਿਹੜੇ-ਕਿਹੜੇ ਹਸਪਤਾਲ ਮੌਜੂਦ ਹਨ। ਡਾ. ਬਲਵੀਰ ਸਿੰਘ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਤੈਅ ਕੀਤਾ ਹੈ ਕਿ ਐਕਸੀਡੈਂਟਲ ਕੇਸ ਵਿੱਚ ਪੰਜਾਬ ਵਾਸੀਆਂ ਨੂੰ ਐਂਬੂਲੈਂਸ ਸੇਵਾ ਤੇ ਐਮਰਜੈਂਸੀ ਸੇਵਾਵਾਂ ਦੇ ਖਰਚੇ ਸਮੇਤ ਪੂਰੇ ਇਲਾਜ ਦਾ ਖਰਚ ਸਰਕਾਰ ਚੁੱਕੇਗੀ। ਦੂਜੇ ਸੂਬੇ ਦੇ ਲੋਕਾਂ ਦਾ ਇਲਾਜ ਵੀ ਸ਼ੁਰੂਆਤੀ ਤੌਰ ਤੇ ਸਰਕਾਰੀ ਖਰਚ ਤੇ ਹੋਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਸੜਕ ਦੁਰਘਟਨਾ ਵਿੱਚ ਜ਼ਖਮੀਆਂ ਨੂੰ ਸਾਧਾਰਨ ਤੌਰ ਤੇ ਪੁਲਿਸ ਹਸਪਤਾਲ ਪਹੁੰਚਾਉਂਦੀ ਹੈ ਪਰ ਆਮ ਲੋਕ ਵੀ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ, ਇਸ ਲਈ ਸੂਬਾ ਸਰਕਾਰ ਨੇ ‘ਫਰਿਸ਼ਤੇ’ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਲੋਕਾਂ ਨੂੰ ਇਨਾਮ ਵਜੋ 2000 ਰੁਪਏ ਦਿੱਤੇ ਜਾਣਗੇ। ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ ਕਿ ਵਾਹਨ ਵਿੱਚ ਫਸਟ ਏਡ ਕਿੱਟ ਜ਼ਰੂਰ ਰੱਖਣ। ਇਸ ਵਿੱਚ ਦਰਦ ਦੀਆਂ ਦਵਾਈਆਂ, ਕਾਟਨ, ਡੇਟੋਲ, ਪੱਟੀ ਆਦਿ ਹੋਣਗੀਆਂ। ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਇੱਕ ਬੇਸਿਕ ਅਤੇ ਦੂਜਾ ਐਡਵਾਂਸ। ਬੇਸਿਕ ਵਿੱਚ 2 ਡਾਕਟਰਾਂ ਨਾਲ ਇੱਕ ਹੋਰ ਸਟਾਫ਼ ਦਿੱਤਾ ਜਾਵੇਗਾ। ਐਡਵਾਂਸ ਵਿੱਚ ਚਾਰ ਡਾਕਟਰਾਂ ਨਾਲ ਹੋਰ ਸਟਾਫ਼ ਉਪਲਬੱਧ ਰਹੇਗਾ ਤਾਂ ਕਿ ਮਰੀਜ਼ ਨੂੰ ਉਚਿੱਤ ਇਲਾਜ ਮਿਲ ਸਕੇ। ਇਸ ਲਈ ਲੋੜ ਮੁਤਾਬਿਕ ਡਾਕਟਰਾਂ ਤੇ ਹੋਰ ਸਟਾਫ਼ ਦੀ ਭਰਤੀ ਵੀ ਕੀਤੀ ਜਾਵੇਗੀ। Author: Malout Live