ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਲੋਟ ਵਿਖੇ ਸੱਤ ਰੋਜ਼ਾ ਐੱਨ.ਐੱੱਸ.ਐੱਸ ਕੈਂਪ ਵੱਖ-ਵੱਖ ਗਤੀਵਿਧੀਆਂ ਉਪਰੰਤ ਹੋਇਆ ਸਮਾਪਤ

ਮਲੋਟ:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਹਿਸੀਲ ਰੋਡ ਮਲੋਟ ਵਿਖੇ ਪਿਛਲੇ ਦਿਨੀਂ ਸ਼ੁਰੂ ਹੋਇਆ ਐੱਨ.ਐੱਸ.ਐੱਸ. ਕੈਂਪ ਵੱਖ- ਵੱਖ ਗਤੀਵਿਧੀਆਂ ਉਪਰੰਤ ਸਮਾਪਤ ਹੋ ਗਿਆ। ਇਸ ਕੈਂਪ ਵਿੱਚ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ਼੍ਰੀ ਮੁਕਤਸਰ ਸਾਹਿਬ ਕੁਲਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ । ਇਸ ਕੈਂਪ ਦੌਰਾਨ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਹੋਰ ਨਿਖਾਰਨ ਲਈ ਵੱਖ- ਵੱਖ ਪੱਖਾਂ ਤੋਂ ਉਨ੍ਹਾਂ ਨੂੰ ਨਿਪੁੰਨ ਕੀਤਾ ਗਿਆ । 50 ਵਿਦਿਆਰਥੀਆਂ ਦੀ ਇਸ ਸੱਤ ਰੋਜ਼ਾ ਕੈਂਪ ਦੌਰਾਨ ਜਿੱਥੇ ਵਿੱਦਿਅਕ ਟੂਰ ਲਗਾਇਆ ਗਿਆ ਉੱਥੇ ਨਾਲ-ਨਾਲ ਉਨ੍ਹਾਂ ਨੂੰ ਪੇਂਟਿੰਗ ਕਲਾ ਕਿਰਤਾਂ ਅਤੇ ਹੋਰ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਸ਼ਮੂਲੀਅਤ ਕਰਵਾਈ ਗਈ। ਇਸ ਕੈਂਪ ਦੌਰਾਨ ਸਕੂਲ ਵਿਦਿਆਰਥਣਾਂ ਵੱਲੋਂ ਛਾਪਿਆਂਵਾਲੀ ਪਿੰਡ ਨੂੰ ਗੋਦ ਲੈ ਕੇ ਉੱਥੋਂ ਦੇ ਸਕੂਲ ਦੀ ਸਫ਼ਾਈ ਕਰਕੇ ਚੰਗਾ ਸੰਦੇਸ਼ ਦਿੱਤਾ ਗਿਆ। ਇਸ ਸਮਾਪਤੀ ਸਮਾਰੋਹ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਨੇ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।

ਜਿਸ ਵਿੱਚ ਗੀਤ ਸੰਗੀਤ, ਸ਼ਬਦ ਗਾਇਨ ਤੋਂ ਇਲਾਵਾ ਗਿੱਧਾ, ਭੰਗੜਾ ਅਤੇ ਡਾਂਸ ਦੀਆਂ ਕਲਾ ਕਿਰਤਾਂ ਦਾ ਮੁਜ਼ਾਹਰਾ ਕੀਤਾ ਗਿਆ । ਇਸ ਮੌਕੇ ਸਕੂਲ ਪ੍ਰਿੰਸੀਪਲ ਗੁਰਵਿੰਦਰਪਾਲ ਸਿੰਘ ਮਠਾੜੂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡਾ ਉਦੇਸ਼ ਵਿਦਿਆਰਥਣਾਂ ਦੀ ਸ਼ਖਸੀਅਤ ਦਾ ਸਰਵਪੱਖੀ ਵਿਕਾਸ ਕਰਨ ਦੇ ਨਾਲ- ਨਾਲ ਉਨ੍ਹਾਂ ਨੂੰ ਆਉਣ ਵਾਲੇ ਸਮਾਜ ਲਈ ਜ਼ਿੰਮੇਵਾਰ ਨਾਗਰਿਕ ਬਣ ਕੇ ਨਰੋਏ ਸਮਾਜ ਦੀ ਸਿਰਜਣਾ ਕਰਨਾ ਹੈ । ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕੁਲਵਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਵੱਖ- ਵੱਖ ਖੇਤਰਾਂ ਵਿੱਚ ਆਪਣੀ ਸ਼ਮੂਲੀਅਤ ਅਤੇ ਵਧੀਆ ਭੂਮਿਕਾ ਬਦਲੇ ਹੌਸਲਾ ਅਫਜ਼ਾਈ ਕਰਦਿਆਂ ਹੋਇਆਂ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਕੈਂਪਾਂ ਵਿੱਚ ਉਤਸੁਕਤਾ ਨਾਲ ਭਾਗ ਲੈਣ ਦੀ ਅਪੀਲ ਕੀਤੀ। ਇਸ ਸੱਤ ਰੋਜ਼ਾ ਕੈਂਪ ਨੂੰ ਸਫਲ ਬਣਾਉਣ ਵਿੱਚ ਪ੍ਰੋਗਰਾਮ ਅਫ਼ਸਰ ਅਮਨਦੀਪ ਕੌਰ, ਬਲਦੇਵ ਸਿੰਘ ਸਾਹੀਵਾਲ, ਹਰਵਿੰਦਰਜੀਤ ਕੌਰ, ਪਰਮਜੀਤ ਕੌਰ ਪੀ.ਟੀ, ਚਰਨਜੀਤ ਕੌਰ ਸਿੱਧੂ ਭਾਈਕਾ ਅਤੇ ਵਿਦਿਆਰਥੀਆਂ ਦੇ ਗਰੁੱਪ ਲੀਡਰਾਂ ਨੇ ਯੋਗਦਾਨ ਪਾਇਆ।