ਸਿਵਲ ਹਸਪਤਾਲ ਮਲੋਟ ਵਿਖੇ ਮਨਾਇਆ ਗਿਆ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ
ਮਲੋਟ:- ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਰਸ਼ਮੀ ਚਾਵਲਾ ਦੀ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਮਲੋਟ ਵਿਖੇ ਨੈਸ਼ਨਲ ਵੈਕਸੀਨੇਸ਼ਨ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਓਹਨਾਂ ਦੱਸਿਆ ਕਿ ਆਪਣੇ ਬੱਚਿਆਂ ਪ੍ਰਤੀ ਵੈਕਸੀਨੇਸ਼ਨ ਦੀ ਜਿੰਮੇਵਾਰੀ ਮਾਪਿਆਂ ਨੂੰ ਬਾਖੂਬੀ ਨਿਭਾਉਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਬੱਚਾ ਕਿਸੇ ਵੀ ਬਿਮਾਰੀ ਦਾ ਸ਼ਿਕਾਰ ਨਾ ਹੋਵੇ। ਉਨ੍ਹਾਂ ਕਿਹਾ ਕਿ ਔਰਤ ਨੂੰ ਗਰਭ ਅਵਸਥਾ ਤੋਂ ਸ਼ੁਰੂ ਕਰਕੇ ਆਪਣੇ ਹੋਣ ਵਾਲੇ ਬੱਚਿਆਂ ਦੇ ਪੂਰੀ ਤਰ੍ਹਾਂ ਟੀਕਾਕਰਨ ਕਰਾਉਣਾ ਚਾਹੀਦਾ ਹੈ।
ਇਸ ਸਮੇਂ ਡਾ. ਪ੍ਰਭਜੀਤ ਸਿੰਘ (ਏ.ਸੀ.ਐੱਸ.) ਨੇ ਦੱਸਿਆ ਕਿ 12 ਸਾਲ ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ ਅਤੇ ਆਪਣੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਵਾਈ ਜਾਵੇ ਤਾਂ ਜੋ ਬੱਚਿਆਂ ਨੂੰ ਭਵਿੱਖ ਵਿੱਚ ਕੋਰੋਨਾ ਵਰਗੀ ਬਿਮਾਰੀ ਤੋਂ ਬਚਾਇਆ ਜਾ ਸਕੇ। ਇਸ ਸਮੇਂ ਸਟੇਟ ਇੰਸਟੀਚਿਊਟ ਆਫ ਨਰਸਿੰਗ ਅਤੇ ਪੈਰਾ ਮੈਡੀਕਲ ਸਾਇੰਸ ਬਾਦਲ ਦੇ ਬੱਚਿਆਂ ਨੇ ਨਾਟਕ ਪੇਸ਼ ਕੀਤੇ ਅਤੇ ਪਲਸ ਪੋਲੀਓ ਮੁਹਿੰਮ ਵਿੱਚ ਵਧੀਆ ਕੰਮ ਕਰਨ ਵਾਲੇ ਏ.ਐੱਨ.ਐੱਮ ਅਤੇ ਦੋ ਆਸ਼ਾ ਵਰਕਰਾਂ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਕਾਮਨਾਂ, ਸੁਖ਼ਨਪਾਲ ਸਿੰਘ, ਸਵਰਨਜੀਤ ਕੌਰ, ਜਸਬੀਰ ਕੌਰ, ਆਸ਼ਾ ਵਰਕਰਾਂ ਅਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।