ਸਰਬੱਤ ਦਾ ਬਲਾ ਚੈਰੀਟੇਬਲ ਟਰੱਸਟ ਵੱਲੋਂ ਅੰਗਹੀਣ ਵਿਅਕਤੀਆਂ ਨੂੰ ਦਿੱਤੀ ਸਹਾਇਤਾ ਰਾਸ਼ੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾਕਟਰ ਐੱਸ.ਪੀ ਸਿੰਘ ਓਬਰਾਏ ਵੱਲੋਂ ਬਿਨ੍ਹਾਂ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਮਾਨਵਤਾ ਦੀ ਭਲਾਈ ਦੇ ਕੰਮ ਨਿਰਵਿਘਨ ਜਾਰੀ ਹਨ। ਇਸ ਲੜੀ ਤਹਿਤ ਸ਼੍ਰੀ ਮੁਕਤਸਰ ਸਾਹਿਬ ਵਿੱਚ 15 ਅੰਗਹੀਣ ਵਿਅਕਤੀਆਂ ਨੂੰ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਮਹੰਤ ਕਸ਼ਮੀਰ ਸਿੰਘ ਦੀ ਹਾਜ਼ਰੀ ਵਿੱਚ ਸਹਾਇਤਾ ਰਾਸ਼ੀ ਦਿੱਤੀ ਗਈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਅੰਗਹੀਣ ਵਿਅਕਤੀ ਆਪਣੇ ਆਪ ਨੂੰ ਊਣਾ ਸਮਝਦੇ ਹਨ, ਕਿਉਂਕਿ ਇਹ ਕੰਮ ਕਰਨ ਤੋਂ ਅਸਮੱਰਥ ਹੁੰਦੇ ਹਨ ਅਤੇ ਪਰਿਵਾਰਿਕ ਮੈਂਬਰ ਵੀ ਅਕਸਰ ਹੀ ਇਨ੍ਹਾਂ ਤੋਂ ਮੂੰਹ ਮੋੜ ਲੈਂਦੇ ਹਨ। ਅਜਿਹੀ ਸਥਿਤੀ ਵਿੱਚ ਇਹ ਲੋਕ ਅਕਸਰ ਹੀ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ।
ਜ਼ਿਲਾ ਪ੍ਰਧਾਨ ਨੇ ਦੱਸਿਆ ਕਿ ਸਾਡੀ ਟੀਮ ਕੋਲ ਅਜਿਹੇ ਕੇਸ ਆਉਣ ਉਪਰੰਤ ਡਾਕਟਰ ਓਬਰਾਏ ਕੋਲ ਭੇਜੇ ਜਾਂਦੇ ਹਨ, ਪਰ ਜਿੱਥੇ ਗੱਲ ਅੰਗਹੀਣ ਵਿਅਕਤੀਆਂ ਦੀ ਆਉਂਦੀ ਹੈ ਉਥੇ ਡਾ. ਓਬਰਾਏ ਵੱਲੋਂ ਡੱਟ ਕੇ ਬਾਂਹ ਫੜੀ ਜਾਂਦੀ ਹੈ। ਅੱਜ ਸਹਾਇਤਾ ਰਾਸ਼ੀ ਲੈਣ ਉਪਰੰਤ ਇਨ੍ਹਾਂ ਨੇ ਕਿਹਾ ਡਾ. ਓਬਰਾਏ ਸਾਡੀ ਲਾਠੀ ਬਣਕੇ ਸਾਡੇ ਨਾਲ ਖੜ੍ਹੇ ਹਨ ਅਤੇ ਇਨ੍ਹਾਂ ਵੱਲੋਂ ਧੰਨਵਾਦ ਵੀ ਕੀਤਾ ਗਿਆ। ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਨੇ ਦੱਸਿਆ ਕਿ ਇਹ ਰਾਸ਼ੀ ਡਾ. ਓਬਰਾਏ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਦਿੱਤੀ ਜਾਂਦੀ ਹੈ। ਟਰੱਸਟ ਦੀ ਕੋਈ ਵੀ ਰਸੀਦ ਬੁੱਕ ਨਹੀਂ ਹੈ। ਇਸ ਮੌਕੇ ਬਲਵਿੰਦਰ ਸਿੰਘ ਬਰਾੜ, ਗੁਰਜੀਤ ਸਿੰਘ ਜੀਤਾ, ਅਸ਼ੋਕ ਕੁਮਾਰ ਅਤੇ ਟਰੱਸਟ ਦੀ ਸ਼੍ਰੀ ਮੁਕਤਸਰ ਸਾਹਿਬ ਟੀਮ ਦੇ ਸੇਵਾਦਾਰ ਹਾਜ਼ਿਰ ਸਨ। Author: Malout Live