ਸ਼੍ਰੀ ਮੁਕਤਸਰ ਸਾਹਿਬ ’ਚ ਅਧਿਆਪਕ ਜੱਥੇਬੰਦੀਆਂ ਵੱਲੋਂ ਅਧਿਆਪਕਾਂ ਦੇ ਗੈਰ-ਵਿਦਿਅਕ ਕੰਮ ਬੰਦ ਕਰਨ ਲਈ ਸੌਂਪਿਆ ਮੰਗ ਪੱਤਰ

ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੋਂ ਲਏ ਜਾ ਰਹੇ ਗੈਰ-ਵਿਦਿਅਕ ਕੰਮ ਤੁਰੰਤ ਬੰਦ ਕਰਨ ਅਤੇ ਆਪਣੀਆਂ ਹੱਕੀ ਮੰਗਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਨੂੰ ਮੰਗ ਪੱਤਰ ਸੌਂਪਿਆ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੋਂ ਲਏ ਜਾ ਰਹੇ ਗੈਰ-ਵਿਦਿਅਕ ਕੰਮ ਤੁਰੰਤ ਬੰਦ ਕਰਨ ਅਤੇ ਆਪਣੀਆਂ ਹੱਕੀ ਮੰਗਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਨੂੰ ਮੰਗ ਪੱਤਰ ਸੌਂਪਿਆ ਗਿਆ। ਇਹ ਮੰਗ ਪੱਤਰ ਡੀ.ਟੀ.ਐੱਫ ਦੇ ਪਵਨ ਕੁਮਾਰ, ਜੀ.ਟੀ.ਯੂ ਦੇ ਮਨੋਹਰ ਲਾਲ ਸ਼ਰਮਾ, ਜੀ.ਟੀ.ਯੂ (ਵਿਗਿਆਨਕ) ਦੇ ਪਰਗਟ ਸਿੰਘ ਜੰਬਰ ਅਤੇ ਅਧਿਆਪਕ ਦਲ ਦੇ ਅਮਰਜੀਤ ਸਿੰਘ ਦੀ ਸਾਂਝੀ ਅਗਵਾਈ ਹੇਠ ਦਿੱਤਾ ਗਿਆ। ਜੱਥੇਬੰਦੀਆਂ ਨੇ ਮੰਗ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਨੁਮਾਇੰਦੇ ਰਾਜਿੰਦਰ ਕੁਮਾਰ ਸੋਨੀ ਰਾਹੀਂ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਅਤੇ ਐੱਸ.ਡੀ.ਐਮ ਗੁਰਕਿਰਨ ਦੀਪ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਭੇਜਿਆ।

ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਗੈਰ-ਵਿਦਿਅਕ ਕੰਮਾਂ ਵਿੱਚ ਲਗਾਉਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਬੇਲੋੜੀਆਂ ਰਿਪੋਰਟਾਂ ਬੰਦ ਕਰਨ, ਸਕੂਲੀ ਖੇਡਾਂ ਲਈ ਖੇਡ ਫੰਡ ਜਾਰੀ ਕਰਨ, ‘ਖੇਡਾਂ ਵਤਨ ਪੰਜਾਬ ਦੀਆਂਵਿੱਚ ਜਬਰੀ ਰਜਿਸਟ੍ਰੇਸ਼ਨ ਰੋਕਣ ਅਤੇ ਸਕੂਲਾਂ ਵਿੱਚ ਸਫ਼ਾਈ ਸੇਵਕ ਨਿਯੁਕਤ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪਿਛਲੇ ਪੰਜ ਮਹੀਨਿਆਂ ਦੇ ਮਿਡ-ਡੇ-ਮੀਲ ਖਰਚੇ ਦੀ ਅਦਾਇਗੀ ਅਤੇ ਐੱਸ.ਐਮ.ਸੀ ਰਾਹੀਂ ਗੈਰ-ਵਿਦਿਅਕ ਸਕੀਮਾਂ ਦਾ ਪ੍ਰਚਾਰ ਬੰਦ ਕਰਨ ਦੀ ਮੰਗ ਵੀ ਕੀਤੀ ਗਈ। ਜੱਥੇਬੰਦੀਆਂ ਨੇ ਚੇਤਾਵਨੀ ਦਿੱਤੀ ਕਿ ਇੱਕ ਹਫ਼ਤੇ ਵਿੱਚ ਠੋਸ ਹੱਲ ਨਾ ਹੋਣ ਤੇ ਅਧਿਆਪਕ ਗੈਰ-ਵਿਦਿਅਕ ਕੰਮਾਂ ਦਾ ਮੁਕੰਮਲ ਬਾਈਕਾਟ ਕਰਨਗੇ ਅਤੇ ਸਿਰਫ਼ ਪੜ੍ਹਾਉਣ ਦਾ ਕੰਮ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਿਰ ਸਨ।

Author : Malout Live