ਡੇਅਰੀ ਵਿਕਾਸ ਵਿਭਾਗ ਵੱਲੋਂ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ 8 ਜਨਵਰੀ ਤੋਂ ਸ਼ੁਰੂ- ਸ੍ਰ. ਗੁਰਮੀਤ ਸਿੰਘ ਖੁੱਡੀਆਂ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ੍ਰ. ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਨੇ ਆਖਿਆ ਹੈ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਸਹਾਇਕ ਕਿੱਤਿਆਂ ਨਾਲ ਜੋੜਨ ਲਈ ਉਪਰਾਲੇ ਕਰ ਰਹੀ ਹੈ। ਇਸ ਲਈ ਸੂਬਾ ਸਰਕਾਰ ਵੱਲੋਂ ਵੱਖ-ਵੱਖ ਸਿਖਲਾਈ ਕੇਂਦਰਾਂ ਤੇ ਸਮੇਂ-ਸਮੇਂ ਤੇ ਡੇਅਰੀ ਸਿਖਲਾਈ ਕੋਰਸ ਕਰਵਾਏ ਜਾ ਰਹੇ ਹਨ ਤਾਂ ਜੋ ਇਨ੍ਹਾਂ ਕੋਰਸਾਂ ਨੂੰ ਕਰਨ ਤੋਂ ਬਾਅਦ ਸਾਡੇ ਕਿਸਾਨ ਵੀਰ ਪਸ਼ੂ ਪਾਲਣ ਕਿੱਤੇ ਨੂੰ ਸਫਲਤਾ ਨਾਲ ਅਪਣਾ ਸਕਣ। ਕੈਬਨਿਟ ਮੰਤਰੀ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ ਦੋ ਹਫਤਿਆਂ ਦਾ ਡੇਅਰੀ ਸਿਖਲਾਈ ਕੋਰਸ 8 ਜਨਵਰੀ 2024 ਨੂੰ ਇੰਟੀਗਰੇਟਿਡ ਫਾਰਮਰ ਟਰੇਨਿੰਗ ਸੈਂਟਰ ਅਬੁਲਖੁਰਾਣਾ ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਦੌਰਾਨ ਦੁਧਾਰੂ ਪਸ਼ੂਆਂ ਦੀ ਖਰੀਦ, ਉਨ੍ਹਾਂ ਦਾ ਰੱਖ-ਰਖਾਵ, ਖਾਧ ਖੁਰਾਕ, ਨਸਲ ਸੁਧਾਰ ਅਤੇ ਮੰਡੀਕਰਨ ਦੀਆਂ ਨਵੀਆਂ ਤਕਨੀਕਾਂ ਬਾਰੇ ਸਿਖਲਾਈ ਦਿੱਤੀ ਜਾਵੇਗੀ। ਇਸ ਸਿਖਲਾਈ ਨਾਲ ਪੜ੍ਹੇ ਲਿਖੇ ਜਾਂ ਬੇਰੁਜ਼ਗਾਰ ਨੌਜਵਾਨ ਆਪਣਾ ਡੇਅਰੀ ਦਾ ਧੰਦਾ ਸ਼ੁਰੂ ਕਰਕੇ ਸਵੈ-ਰੌਜ਼ਗਾਰ ਚਲਾ ਸਕਦੇ ਹਨ। ਉਨਾਂ ਦੱਸਿਆ ਕਿ ਇਸ ਸਿਖਲਾਈ ਕੈਂਪ ਵਿੱਚ ਭਾਗ ਲੈਣ ਵਾਲੇ ਸਿੱਖਿਆਰਥੀ ਪੇਂਡੂ ਖੇਤਰ ਨਾਲ ਸੰਬੰਧ ਰੱਖਦੇ ਹੋਣ, ਜੋ ਘੱਟੋ ਘੱਟ ਪੰਜਵੀਂ ਪਾਸ ਹੋਵੇ ਅਤੇ ਉਮਰ ਹੱਦ 18 ਤੋਂ 55 ਸਾਲ ਤੱਕ ਹੋਵੇ। ਇਸ ਲਈ ਜੋ ਕਿਸਾਨ ਵੀਰ ਇਹ ਕੋਰਸ ਕਰਨਾ ਚਾਹੁੰਦੇ ਹਨ, ਉਹ ਆਪਣੇ ਦਸਤਾਵੇਜ ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ ਲੈ ਕੇ 8 ਜਨਵਰੀ 2024 ਨੂੰ ਡੇਅਰੀ ਸਿਖਲਾਈ ਕੇਂਦਰ ਪਿੰਡ ਅਬੁਲਖੁਰਾਣਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਸਕਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਇਸ ਕੋਰਸ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। Author: Malout Live