ਸ਼੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਗੁਰੂ ਨਾਨਕ ਕਾਲਜ ਮੁਕਤਸਰ ਵਿਖੇ 51 ਨਵ ਜੰਮੀਆਂ ਬੱਚੀਆਂ ਦੀ ਮਨ੍ਹਾਈ ਲੋਹੜੀ
ਮਲੋਟ:- ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਹਰਪ੍ਰੀਤ ਸਿੰਘ ਸੂਦਨ (ਦੇ ਦਿਸ਼ਾ-ਨਿਰਦੇਸ਼ ਹੇਠ ਅਤੇ ਸ਼੍ਰੀਮਤੀ ਰਤਨਦੀਪ ਸੰਧੂ ਜਿਲ੍ਹਾ ਪ੍ਰੋਗਰਾਮ ਅਫਸਰ, ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਵਿੱਚ ਬੀਤੇ ਦਿਨ ਗੁਰੂ ਨਾਨਕ ਕਾਲਜ, ਸ਼੍ਰੀ ਮੁਕਤਸਰ ਸਾਹਿਬ ਵਿਖੇ 51 ਨਵਜੰਮੀਆਂ ਕੁੜੀਆਂ ਦੀ ਲੋਹੜੀ ਮਨਾਈ ਗਈ, ਪਹਿਲਾਂ ਨਵਜੰਮੇ ਲੜਕੇ ਦੀ ਲੋਹੜੀ ਮਨਾਈ ਜਾਂਦੀ ਸੀ। ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਧੀਆਂ ਦੀ ਲੋਹੜੀ ਮਨ੍ਹਾ ਕੇ ਲੜਕਾ-ਲੜਕੀ ਦੀ ਬਰਾਬਰੀ ਦਾ ਸੰਦੇਸ਼ ਦਿੱਤਾ ਗਿਆ। ਹਰ ਗਰਭਵਤੀ ਔਰਤ ਨੂੰ 1 ਫਲਦਾਰ ਬੂਟਾ ਵੀ ਭੇਂਟ ਕੀਤਾ ਗਿਆ ਅਤੇ ਇਸ ਦੇ ਨਾਲ 5 ਔਰਤਾਂ ਦੀ ਗੋਦ ਭਰਾਈ ਕਰਵਾਈ ਗਈ ਅਤੇ 10 ਮੈਰੀਟੋਰੀਅਸ ਲੜਕੀਆਂ ਜਿਨ੍ਹਾ ਨੇ ਸਿੱਖਿਆ ਦੇ ਵੱਖ-ਵੱਖ ਖੇਤਰਾਂ ਵਿੱਚ ਪੁਜੀਸ਼ਨਾਂ ਹਾਸਿਲ ਕੀਤੀਆਂ, ਉਹਨਾਂ ਨੂੰ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਕੋਵਿਡ ਪੀੜਿਤ ਪਰਿਵਾਰਾਂ ਦੀਆਂ 10 ਬੱਚੀਆਂ ਨੂੰ ਵੀ ਮੱਦਦ ਦੇ ਰੂਪ ਵਿੱਚ ਚੈੱਕ ਦਿੱਤੇ ਗਏ ਅਤੇ 10 ਬੱਚੀਆਂ ਨੂੰ ਡਰਾਇਵਿੰਗ ਸਰਟੀਫਿਕੇਟ ਦਿੱਤੇ ਗਏ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ। ਇਸ ਦੌਰਾਨ 10 ਕਿਸ਼ੋਰ ਬੱਚੀਆਂ ਨੂੰ ਸਾਫ-ਸਫਾਈ ਦੇ ਸੰਬੰਧ ਵਿੱਚ ਕੋਵਿਡ-19 ਦੇ ਮੱਦੇਨਜ਼ਰ ਹਾਈਜੈਨਿਕ ਕਿੱਟਾਂ ਦਿੱਤੀਆਂ ਗਈਆਂ। ਮਾਨਯੋਗ ਵਧੀਕ ਡਿਪਟੀ ਕਮਿਸ਼ਨਰ, ਮੈਡਮ ਰਾਜਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਅੱਜ ਦਾ ਦੌਰ ਬਦਲ ਚੁੱਕਾ ਹੈ। ਅੱਜ ਇਸ ਪ੍ਰੋਗਰਾਮ ਵਿੱਚ ਪਹੁੰਚੇ ਹਾਜਰੀਨ ਵਿੱਚੋਂ ਜਿਆਦਾ ਅਫਸਰ ਮਹਿਲਾਵਾਂ ਹੀ ਹਨ,
ਜੋ ਕਿ ਬਰਾਬਰੀ ਦਾ ਸੰਦੇਸ਼ ਦੇ ਰਹੀਆਂ ਹਨ। ਸ਼੍ਰੀਮਤੀ ਸਵਰਨਜੀਤ ਕੌਰ, ਉਪ-ਮੰਡਲ ਮੈਜਿਸਟ੍ਰੇਟ, ਸ਼੍ਰੀ ਮੁਕਤਸਰ ਸਾਹਿਬ, ਸ਼੍ਰੀਮਤੀ ਅਮਨਦੀਪ ਸ਼ਰਮਾ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਮੁਕਤਸਰ ਸਾਹਿਬ ਅਤੇ ਡਾ. ਰੰਜੂ ਸਿੰਗਲਾ ਸਿਵਲ ਸਰਜਨ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਭ ਨੂੰ ਧੀਆਂ ਦੀ ਲੋਹੜੀ ਦੀ ਵਧਾਈ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਸ. ਮਲਕੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ ਅਤੇ ਸ਼੍ਰੀ ਕਪਿਲ ਸ਼ਰਮਾ ਉੱਪ ਜਿਲ੍ਹਾ ਸਿੱਖਿਆ ਅਫਸਰ ਵੱਲੋ ਦੱਸਿਆ ਗਿਆ ਕਿ ਸਾਰੇ ਹੀ ਵਿੱਦਿਅਕ ਅਦਾਰਿਆਂ ਵਿੱਚ ਲੜਕੀਆਂ ਵੱਲੋਂ ਹੀ ਮੱਲਾਂ ਮਾਰੀਆਂ ਜਾਂਦੀਆਂ ਹਨ। ਇਸ ਮੌਕੇ ਤੇ ਸ਼੍ਰੀ ਪੰਕਜ ਕੁਮਾਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਗਿੱਦੜਬਾਹਾ ਅਤੇ ਮਲੋਟ ਵੱਲੋਂ ਔਰਤਾਂ ਦੀ ਭਲਾਈ ਲਈ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਉਹਨਾਂ ਬਾਰੇ ਭਾਰਤ ਸਰਕਾਰ ਦੀ ਸਕੀਮ ਜੋ ਕਿ 2015 ਵਿੱਚ ਸ਼ੁਰੂ ਹੋਈ ਸੀ, ਇਸ ਦੌਰਾਨ ਉਹਨਾਂ ਦੱਸਿਆ ਕਿ ਰੇਸ਼ੋ ਜੋ ਕਿ ਸਾਲ 2015 ਵਿੱਚ 991 ਕੁੜੀਆਂ ਪਿੱਛੇ 1000 ਮੁੰਡੇ ਸਨ, ਪਰ ਅੱਜ 2022 ਵਿੱਚ 1020 ਔਰਤਾਂ ਪਿੱਛੇ 1000 ਮਰਦ ਰਹਿ ਗਏ ਹਨ। “ਬੇਟੀ ਬਚਾਓ ਬੇਟੀ ਪੜਾਓ” ਸਕੀਮ ਅਧੀਨ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸਾਰੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਮੁੱਖ ਮਹਿਮਾਨ ਸ਼੍ਰੀਮਤੀ ਰਾਜਦੀਪ ਕੌਰ,ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਨਵਜੰਮੀਆਂ ਬੱਚੀਆਂ ਅਤੇ ਗਰਭਵਤੀ ਔਰਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਡਾ. ਸ਼ਿਵਾਨੀ ਨਾਗਪਾਲ ਜਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀਮਤੀ ਸਤਵੰਤ ਕੌਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ਼੍ਰੀ ਮੁਕਤਸਰ ਸਾਹਿਬ , ਸ਼੍ਰੀਮਤੀ ਰਣਜੀਤ ਕੌਰ, ਬਾਲ ਵਿਕਾਸ ਪ੍ਰੋਜੈਕਟ ਅਫਸਰ ਲੰਬੀ, ਪ੍ਰਿੰਸੀਪਲ ਸਰਕਾਰੀ ਕਾਲਜ ਮੈਡਮ ਸਤਵੰਤ ਕੌਰ, ਡਾ. ਰੀਤਇੰਦਰ ਜੋਸ਼ੀ ਅਤੇ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਡਾ. ਰਾਣਾ ਬਲਜਿੰਦਰ ਕੌਰ, ਸ. ਸੁਖਮੰਦਰ ਸਿੰਘ ਮਾਸ ਮੀਡੀਆ ਅਫਸਰ, ਸਿਹਤ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸ਼ਿਰਕਤ ਕੀਤੀ ਗਈ। ਡਾ. ਸੁਖਵਿੰਦਰ ਸਿੰਘ ਵੱਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ ਅਤੇ ਲੋਹੜੀ ਕਿਉਂ ਮਨਾਈ ਜਾਂਦੀ ਹੈ, ਇਸ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ।