ਐੱਸ.ਡੀ.ਐਮ ਦਫਤਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਰਿਟਰਨਿੰਗ ਅਫਸਰ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਸੰਬੰਧੀ ਸੈਕਟਰ ਅਫਸਰਾਂ ਨਾਲ ਕੀਤੀ ਮੀਟਿੰਗ

ਮਲੋਟ:- ਐੱਸ.ਡੀ.ਐਮ ਦਫਤਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਸ਼੍ਰੀਮਤੀ ਸਵਰਨਜੀਤ ਕੌਰ ਰਿਟਰਨਿੰਗ ਅਫਸਰ ਕਮ ਐੱਸ.ਡੀ.ਐਮ ਸ਼੍ਰੀ ਮੁਕਤਸਰ ਸਾਹਿਬ ਵੱਲੋਂ' ਸਮੂਹ ਸੈਕਟਰ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਵਿਧਾਨ ਸਭਾ ਹਲਕਾ-086 ਮੁਕਤਸਰ ਵਿੱਚ ਪੈਂਦੇ ਸਾਰੇ ਪੋਲਿੰਗ ਬੂਥਾਂ ਉੱਪਰ ਵਿਧਾਨ ਸਭਾ ਚੋਣਾਂ ਲਈ ਲੋੜੀਂਦੇ ਪ੍ਰਬੰਧਾਂ ਨੂੰ ਜਲਦ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ ਸ਼੍ਰੀਮਤੀ ਸਵਰਨਜੀਤ ਕੌਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਉਨ੍ਹਾਂ ਵੱਲੋਂ ਪੋਲਿੰਗ ਬੂਥਾਂ ਦੀ ਕੀਤੀ ਗਈ ਚੈਕਿੰਗ ਦੌਰਾਨ ਕੁੱਝ ਖਾਮੀਆਂ ਨਜਰ ਆਈਆਂ ਸਨ, ਸੈਕਟਰ ਅਫਸਰਾਂ ਨੂੰ ਜਲਦ ਦੂਰ ਕਰਨ ਲਈ ਕਿਹਾ ਗਿਆ, ਬਲਕਿ ਪੋਲਿੰਗ ਬੂਥਾਂ ਨੂੰ ਜਾਂਦੀਆਂ ਅਪਰੋਚ ਰੋਡ ਵੀ ਜਲਦ ਮੁਕੰਮਲ ਕਰਨ ਸੰਬੰਧੀ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਜੋ ਬਜ਼ੁਰਗ ਅਤੇ ਅੰਗਹੀਣ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਜਾਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਉੱਥੇ ਹੀ ਉਨ੍ਹਾਂ ਸੈਕਟਰ ਅਫਸਰਾਂ ਨੂੰ ਚੋਣ ਕਮਿਸ਼ਨ ਵੱਲੋਂ 80 ਸਾਲ ਉਮਰ ਤੋਂ ਵੱਧ ਦੇ ਵੋਟਰਾਂ, PWD ਵੋਟਰਾਂ ਅਤੇ ਕੋਵਿਡ-19 ਮਰੀਜਾਂ ਨੂੰ ਪੋਸਟਲ ਬੈਲਟ ਪੇਪਰ ਨਾਲ ਵੋਟ ਪਾਉਣ ਸੰਬੰਧੀ ਦਿੱਤੀ ਸਹੂਲਤ ਤੋਂ ਜਾਣੂੰ ਕਰਵਾਇਆ। ਰਿਟਰਨਿੰਗ ਅਫਸਰ 086-ਮੁਕਤਸਰ ਨੇ ਦੱਸਿਆ ਕਿ ਵੋਟਾਂ ਦੌਰਾਨ ਕੋਵਿਡ ਗਾਈਡਲਾਈਨਜ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ। ਇਸ ਦੌਰਾਨ ਗਲਵਜ਼ (ਦਸਤਾਨੇ) ਸੈਨੇਟਾਈਜਰ, ਮਾਸਕ ਤੋਂ ਇਲਾਵਾ ਪੀਪਕਿੱਟਾਂ ਵੀ ਚੋਣ ਕਮਿਸ਼ਨ ਵੱਲੋਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਵਿਧਾਨ ਸਭਾ ਹਲਕਾ 086-ਮੁਕਤਸਰ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਦਬਾਅ ਤੋਂ ਨਿਰਪੱਖ ਭਾਵਨਾ ਨਾਲ ਲੋਕਤੰਤਰ ਮਾਪਦੰਡਾਂ ਤਹਿਤ ਆਪਣੇ ਵੋਟ ਰੂਪੀ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰਨ ਅਤੇ ਚੰਗੇ ਅਕਸ ਵਾਲੇ ਵਿਧਾਇਕ ਦੀ ਚੋਣ ਕਰਨ ਜੋ ਉਨ੍ਹਾਂ ਦੇ ਹਲਕੇ ਨੂੰ ਵਿਕਸਤ ਕਰ ਸਕੇ, ਉੱਧਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਸੁਖਾਵੇ ਮਾਹੌਲ ਵਿੱਚ ਚੋਣਾਂ ਨੇਪਰੇ ਚਾੜ੍ਹਨ ਲਈ ਸਹਿਯੋਗ ਦੇਣ ਅਤੇ ਕਿਸੇ ਵੀ ਧਰਮ ਜਾਤੀ ਜਾਂ ਕੋਈ ਵੀ ਭੜਕਾਊ ਮੁੱਦੇ ਨੂੰ ਨਾ ਉਛਾਲਣ ਤਾਂ ਜੋ ਫਿਰਕਾਪ੍ਰਸਤੀ ਵਾਲਾ ਤਣਾਅ ਗ੍ਰਸਤ ਮਾਹੌਲ ਨਾ ਪੈਦਾ ਹੋਵੇ, ਬਲਕਿ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖੀ ਜਾਵੇ।