ਸਮੂਹ ਯੋਗ ਵੋਟਰ ਵੋਟਾਂ ਬਣਵਾਉਣ ਲਈ ਲੋੜੀਂਦਾ ਸਹਿਯੋਗ ਦੇਣ- ਵਧੀਕ ਜਿਲ੍ਹਾ ਚੋਣ ਅਫ਼ਸਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਦੀਆਂ ਆਮ ਚੋਣਾਂ-2024 ਦੀ  ਤਿਆਰੀ ਦੇ ਮੰਤਵ ਲਈ ਯੋਗ ਵਿਅਕਤੀਆਂ ਦੀਆਂ ਵੋਟਾਂ ਬਣਵਾਉਣ ਅਤੇ ਮਰ ਚੁੱਕੇ ਵਿਅਕਤੀਆਂ ਦੀਆਂ ਵੋਟਾਂ ਕੱਟ ਕੇ ਵੋਟਰ ਸੂਚੀ ਵਿੱਚ ਦਰੁੱਸਤੀ ਕੀਤੀ ਜਾ ਰਹੀ ਹੈ, ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ  ਡਾ. ਨਯਨ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 13 ਫਰਵਰੀ 2024 ਤੋਂ 16 ਫਰਵਰੀ 2024 ਤੱਕ ਯੋਗ ਵੋਟਰਾਂ ਤੋਂ ਫਾਰਮ ਭਰਵਾਉਣ ਅਤੇ ਮਰ ਚੁੱਕੇ ਵਿਅਕਤੀਆਂ ਦੀ ਵੋਟਾਂ ਕੱਟਣ ਲਈ ਸਮੂਹ ਬੀ.ਐੱਲ.ਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਦਫ਼ਤਰੀ ਸਮੇਂ ਵਿੱਚੋਂ 2 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਦੇ ਸਮੇਂ ਦੌਰਾਨ ਆਪਣੇ ਪੋਲਿੰਗ ਸਟੇਸ਼ਨ ਦੇ ਏਰੀਏ ਵਿੱਚ ਘਰ-ਘਰ ਜਾ ਕੇ ਯੋਗ ਵੋਟਰਾਂ ਦੀਆਂ ਵੋਟਾਂ ਬਣਵਾਉਣ ਅਤੇ

ਜੋ ਕੋਈ ਵੋਟ ਕਿਸੇ ਕਾਰਨ ਕੱਟਣ ਵਾਲੀ ਹੈ ਤਾਂ ਉਹ ਸੰਬੰਧਿਤ ਤੋਂ ਫਾਰਮ ਭਰਵਾਉਣ ਉਪਰੰਤ ਕਾਰਵਾਈ ਅਮਲ ਵਿੱਚ ਲਿਆਉਣ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀ ਵੋਟਰ ਸੂਚੀ ਦੀ ਤਿਆਰੀ ਲਈ ਸਮੂਹ ਬੀ.ਐੱਲ.ਓਜ਼, ਪਟਵਾਰੀਆਂ, ਸੰਬੰਧਿਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸੰਬੰਧਿਤ ਯੋਗ ਵਿਅਕਤੀਆਂ ਪਾਸੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀ ਵੋਟਰ ਸੂਚੀ ਲਈ ਫਾਰਮ ਭਰਵਾਉਣ ਅਤੇ ਉਨ੍ਹਾਂ ਦੀਆਂ ਵੋਟਾਂ ਬਣਵਾਉਣ ਲਈ ਸਹਿਯੋਗ ਕਰਨ। ਉਨ੍ਹਾਂ ਸਮੂਹ ਯੋਗ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟਾਂ ਬਣਵਾਉਣ ਲਈ ਗੁਰਦੁਆਰਾ ਵੋਟਰ ਸੂਚੀ ਦੇ ਫ਼ਾਰਮ ਪ੍ਰਾਪਤ ਕਰਨ ਲਈ ਬੀ.ਐੱਲ.ਓਜ਼,ਪਟਵਾਰੀਆਂ ਸੰਬੰਧਿਤ ਕਰਮਚਾਰੀਆਂ ਤੱਕ ਪਹੁੰਚ ਕਰਨ ਅਤੇ ਲੋੜੀਂਦਾ ਸਹਿਯੋਗ ਦੇਣ ਤਾਂ ਜੋ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਿਆ ਜਾ ਸਕੇ। Author: Malout Live