ਛੋਟੇ ਟਰਾਂਸਪੋਰਟਰਾਂ ਨੇ ਲਗਾਇਆ ਜੁਗਾੜੂ ਵਾਹਨਾਂ ਖਿਲਾਫ ਧਰਨਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਗਾੜੂ ਵਾਹਨ ਚਾਲਕਾਂ ਤੋਂ ਪ੍ਰੇਸ਼ਾਨ ਛੋਟੇ ਟਰਾਂਸਪੋਰਟਰਾਂ ਨੇ ਸ਼੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ ਤੇ ਪਿੰਡ ਉਦੇਕਰਨ ਨੇੜੇ ਰੋਡ ਜਾਮ ਕਰ ਕੇ ਆਪਣਾ ਰੋਸ ਜਤਾਉਂਦਿਆਂ ਕਾਲੀਆਂ ਝੰਡੀਆਂ ਹੱਥਾਂ ਵਿੱਚ ਫੜ ਕੇ ਨਾਅਰੇਬਾਜ਼ੀ ਕੀਤੀ। ਜਿਸ ਕਾਰਨ ਸੜਕ ਦੇ ਦੋਵਾਂ ਪਾਸੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਧਰਨੇ ਦੌਰਾਨ ਪ੍ਰਧਾਨ ਰਣਜੀਤ ਸਿੰਘ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਮਾਣਯੋਗ ਅਦਾਲਤ ਵੱਲੋਂ ਇਨ੍ਹਾਂ ਜੁਗਾੜੂ ਵਾਹਨਾਂ 'ਤੇ ਰੋਕ ਲਗਾਉਣ ਦੇ ਬਾਵਜੂਦ ਇਹ ਵਾਹਨ ਸ਼ਰੇਆਮ ਸੜਕਾਂ 'ਤੇ ਬੇਖੌਫ ਹੋ ਕੇ ਸਾਮਾਨ ਦੀ ਢੋਆ-ਢੁਆਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਕਈ ਵਾਰ ਜ਼ਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਅੱਜ ਇਹ ਜਾਮ ਲਗਾਉਣ ਲਈ ਮਜ਼ਬੂਰ ਹੋਣਾ ਪਿਆ।

ਉਨ੍ਹਾਂ ਦੱਸਿਆ ਕਿ ਈ-ਰਿਕਸ਼ਾ, ਜੁਗਾੜੂ ਰੇਹੜੀਆਂ, ਘੜੁੱਕਾ ਅਤੇ ਪੀਟਰ ਰੇਹੜਾ ਜਿਹੇ ਵਹੀਕਲ ਕੋਈ ਵੀ ਟੈਕਸ ਨਾ ਭਰਨ ਦੇ ਬਾਵਜੂਦ ਮੋਟੀ ਕਮਾਈ ਕਰ ਰਹੇ ਹਨ ਜਦੋਂ ਕਿ ਅਸੀਂ ਆਪਣਾ ਬਣਦਾ ਟੈਕਸ ਭਰਨ ਦੇ ਬਾਅਦ ਵੀ ਫਾਕੇ ਕੱਟਣ ਲਈ ਮਜਬੂਰ ਹਾਂ। ਹੋਰ ਤਾਂ ਹੋਰ ਇਨ੍ਹਾਂ ਜੁਗਾੜੂ ਵਾਹਨ ਚਾਲਕਾਂ ਵੱਲੋਂ 8-10 ਕੁਇੰਟਲ ਭਾਰ ਢੋਇਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਪਿੱਕਅਪ, ਛੋਟਾ ਹਾਥੀ ਅਤੇ ਹੋਰ ਵਹੀਕਲ ਪਿਛਲੇ ਕਈ ਦਿਨਾਂ ਤੋਂ ਵਿਹਲੇ ਖੜ੍ਹੇ ਹੋਏ ਹਨ ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਠੱਪ ਹੋ ਗਿਆ ਹੈ ਅਤੇ ਉਹ ਕਿਸ਼ਤਾਂ ਭਰਨ ਤੋਂ ਵੀ ਵਿਹੂਣੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ ਜੁਗਾੜੂ ਵਾਹਨ ਅਤੇ ਈ-ਰਿਕਸ਼ਾ ਵਾਲੇ ਓਵਰਲੋਡ ਸਾਮਾਨ ਲੋਡ ਕਰ ਕੇ ਜਿਥੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ ਉਥੇ ਹੀ ਰਾਹਗੀਰਾਂ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਤੋਂ ਅਜਿਹੇ ਜੁਗਾੜੂ ਵਾਹਨਾਂ 'ਤੇ ਰੋਕ ਲਗਾਉਣ ਦੇ ਨਾਲ-ਨਾਲ ਈ- ਰਿਕਸ਼ਿਆਂ 'ਤੇ ਵੀ ਸਾਮਾਨ ਦੀ ਢੋਆ- ਢੁਆਈ ਕਰਨ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਤਾਂ ਜੋ ਉਹ ਵੀ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ। Author: Malout Live