ਸਿਹਤ ਵਿਭਾਗ ਵੱਲੋਂ ਰੁਟੀਨ ਟੀਕਾਕਰਨ ਵਿੱਚ 12 ਮਾਰੂ ਬਿਮਾਰੀਆਂ ਤੋਂ ਬਚਾਅ ਲਈ ਕੀਤਾ ਜਾ ਰਿਹਾ ਹੈ ਮੁਫਤ ਟੀਕਾਕਰਨ- ਡਾ. ਬੰਦਨਾ ਬਾਂਸਲ ਡੀ.ਐੱਮ.ਸੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਟੀਕਾਕਰਨ ਪ੍ਰੋਗਰਾਮ ਅਧੀਨ ਜਿਲ੍ਹੇ ਵਿੱਚ ਹਰ ਬੁੱਧਵਾਰ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਇਸ ਸੰਬੰਧ ਵਿੱਚ ਅੱਜ ਡਾ. ਬੰਦਨਾ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ ਕਮ ਜਿਲ੍ਹਾ ਟੀਕਾਕਰਨ ਅਫਸਰ ਵੱਲੋਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਲਗਾਏ ਜਾ ਰਹੇ ਟੀਕਾਕਰਨ ਕੈਂਪਾਂ ਦਾ ਜਾਇਜਾ ਲਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਵਿੱਚ ਮਾਂ ਦੀ ਗਰਭ ਦੋਰਾਨ ਦੇਖ-ਭਾਲ ਦੇ ਨਾਲ-ਨਾਲ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਜਨੇਪੇ ਕੀਤੇ ਜਾ ਰਹੇ ਹਨ ਅਤੇ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਜਨਮ ਤੋਂ ਹੀ ਮੁਫਤ ਟੀਕਾਕਰਨ ਸ਼ੁਰੂ ਕੀਤਾ ਜਾਂਦਾ ਹੈ ਅਤੇ
ਹਰ ਬੁੱਧਵਾਰ ਸਾਰੇ ਜਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਸ਼ੇਸ਼ ਟੀਕਾਕਰਨ ਕੈਂਪ ਲਗਾ ਕੇ ਬੱਚਿਆਂ ਦਾ ਟੀਕਰਕਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਹੁਣ ਟੀਕਾਕਰਨ ਪ੍ਰੋਗਰਾਮ ਅਧੀਨ ਵਾਧਾ ਕਰਦੇ ਹੋਏ 12 ਮਾਰੂ ਬਿਮਾਰੀਆਂ ਦਾ ਮੁਫਤ ਟੀਕਾਕਰਨ ਕੀਤਾ ਜਾ ਰਿਹਾ ਹੈ ਜੋ ਕਿ ਵਧੀਆ ਕੁਆਲਿਟੀ ਦੀ ਵੈਕਸੀਨ ਨਾਲ ਕੀਤਾ ਜਾਂਦਾ ਹੈ ਅਤੇ ਵੈਕਸੀਨ ਦਾ ਰੱਖ-ਰਖਾਵ ਦੀ ਆਨਲਾਇਨ ਨਿਗਰਾਨੀ ਕੀਤੀ ਜਾਂਦੀ ਹੈ ਤਾਂ ਜੋ ਵੈਕਸੀਨ ਦੀ ਗੁਣਵੱਤਾ ਬਰਕਰਾਰ ਰੱਖੀ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਜਾਂ ਆਪਣੇ ਨੇੜੇ ਦੇ ਘਰ੍ਹਾਂ ਦੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਉਣ ਲਈ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਕਿਉਕਿ ਜੇਕਰ ਕੁਝ ਬੱਚੇ ਮੁਕੰਮਲ ਟੀਕਾਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਤਾਂ ਉਸ ਬਿਮਾਰੀ ਦਾ ਖਤਰਾ ਸਮਾਜ ਤੇ ਬਣਿਆ ਰਹਿੰਦਾ ਹੈ। ਇਸ ਸਮੇਂ ਉਨ੍ਹਾਂ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਸੀ.ਐੱਚ.ਸੀ ਚੱਕ ਸ਼ੇਰੇਵਾਲਾ ਵਿੱਚ ਲਗਾਏ ਜਾ ਰਹੇ ਟੀਕਾਕਰਨ ਕੈਂਪਾਂ ਦਾ ਜਾਇਜ਼ਾ ਲਿਆ ਅਤੇ ਸਟਾਫ ਨੂੰ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਨ ਲਈ ਕਿਹਾ। Author: Malout Live