ਨਰਮੇ ਤੇ ਗੁਲਾਬੀ ਸੁੰਢੀ ਦੀ ਰੋਕਥਾਮ ਲਈ ਕਿਸਾਨਾਂ ਨੂੰ ਕੈਂਪ ਲਗਾ ਕੀਤਾ ਜਾ ਰਿਹਾ ਜਾਗਰੂਕ- ਖੇਤੀਬਾੜੀ ਵਿਭਾਗ ਮਲੋਟ

ਮਲੋਟ:- ਮਾਨਯੋਗ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਅਤੇ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਬਰਾੜ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਦਿਸ਼ਾ-ਨਿਰਦੇਸ਼ਾ ਹੇਠ ਅਤੇ ਖੇਤੀਬਾੜੀ ਅਫਸਰ ਡਾ. ਪਰਮਿੰਦਰ ਸਿੰਘ ਧੰਜੂ ਦੀ ਯੋਗ ਅਗਵਾਈ ਹੇਠ ਮਲੋਟ ਬਲਾਕ ਦੇ ਹਰ ਪਿੰਡ ਵਿੱਚ ਜਾ ਕੇ ਗੁਲਾਬੀ ਸੁੰਢੀ ਦੀ ਰੋਕਥਾਮ ਲਈ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਖੇਤੀਬਾੜੀ ਵਿਸਥਾਰ ਅਫਸਰ ਸ਼੍ਰੀ ਅਮ੍ਰਿਤ ਕ੍ਰਿਪਾਲ ਸਿੰਘ ਵੱਲੋਂ ਪਿੰਡ ਛਾਪਿਆਵਾਲੀ ਵਿਖੇ ਕੈਂਪ ਲਗਾ ਕੇ ਗੁਲਾਬੀ ਸੁੰਢੀ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਕੈਂਪ ਦੌਰਾਨ ਦੱਸਿਆ ਗਿਆ ਕਿ ਨਰਮੇ ਤੇ ਗੁਲਾਬੀ ਸੁੰਢੀ ਇਸ ਸਮੇਂ ਨਰਮੇਂ ਦੀਆਂ ਛਟੀਆਂ ਦੇ ਬਣੇ ਹੋਏ ਢਿੱਗ ਵਿੱਚ ਬਚੇ ਹੋਏ ਟਿੰਡਿਆਂ ਵਿੱਚ ਸੁਸਤ ਹਾਲਤ ਵਿੱਚ ਮੌਜੂਦ ਹੈ।

ਇਸ ਕਰਕੇ ਕਿਸਾਨ ਵੀਰ ਜਲਦੀ ਤੋਂ ਜਲਦੀ ਮਾਰਚ ਮਹੀਨੇ ਵਿੱਚ ਹੀ ਖੇਤਾਂ ਵਿੱਚ ਛਟੀਆਂ ਨੂੰ ਚੁੱਕ ਲਿਆ ਜਾਵੇ ਅਤੇ ਝਾੜ ਕੇ ਟਿੰਡੇ ਅਤੇ ਸਿਕਰੀਆਂ ਅਲੱਗ ਕਰਕੇ ਰਹਿੰਦ-ਖੂੰਹਦ ਨੂੰ ਸਾੜ ਦਿੱਤਾ ਜਾਵੇ ਜਾਂ ਡੂੰਘਾਂ ਜਮੀਨ ਵਿੱਚ ਦਬਾ ਦਿੱਤਾ ਜਾਵੇ ਅਤੇ ਹੋ ਸਕੇ ਤਾਂ ਛਟੀਆਂ ਨੂੰ ਬਾਲਣ ਦੇ ਰੂਪ ਵਿੱਚ ਜਲਦੀ ਵਰਤ ਲਿਆ ਜਾਵੇ ਅਤੇ ਬਾਕੀ ਰਹਿੰਦੀਆਂ ਛਟੀਆਂ ਨੂੰ ਝਾੜ ਕੇ ਧੁੱਪ ਵਿੱਚ ਖੜ੍ਹੇ ਲੋਟ ਰੱਖ ਦਿੱਤਾ ਜਾਵੇ। ਇਸ ਤਰ੍ਹਾਂ ਕਰਨ ਨਾਲ ਗੁਲਾਬੀ ਸੁੰਢੀ ਦਾ ਜੀਵਨ ਕਾਲ ਜਲਦੀ ਜਲਦੀ ਪੂਰਾ ਹੋ ਜਾਵੇਗਾ। ਕੈਂਪ ਵਿੱਚ ਨਰਮੇਂ ਦੇ ਕੀੜੇ ਮਕੌੜਿਆਂ ਦੀ ਬਿਮਾਰੀਆਂ ਸੰਬੰਧੀ ਜਾਣਕਾਰੀ ਨਾਲ ਬਾਕੀ ਫਸਲਾਂ ਦੀ ਜਾਣਕਾਰੀ ਬਾਰੇ ਵੀ ਦੱਸਿਆ। ਕੈਂਪ ਵਿੱਚ ਅਮ੍ਰਿਤ ਕ੍ਰਿਪਾਲ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਪ੍ਰਦੀਪ ਕੌਰ ਖੇਤੀਬਾੜੀ ਉੱਪ-ਨਿਰੀਖਕ, ਗੁਰਤੇਜ ਸਿੰਘ ਏ.ਟੀ.ਐੱਮ ਅਤੇ ਜਸਲੀਨ ਕੌਰ ਏ.ਡੀ.ਓ ਵੱਲੋਂ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ।