ਸਰਕਾਰੀ ਸੀਨੀ. ਸੈਕੰ. ਸਮਾਰਟ ਸਕੂਲ ਪਿੰਡ ਮਲੋਟ ਵਿਖੇ 'ਬਾਲ ਦਿਵਸ' ਮੌਕੇ ਲਗਾਇਆ ਗਿਆ 'ਬਾਲ ਮੇਲਾ'

ਮਲੋਟ: ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਲੋਟ ਵਿਖੇ ਬਾਲ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਮੀਡੀਆ ਕੋਆਰਡੀਨੇਟਰ ਸੰਗੀਤਾ ਮਦਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਸਕੂਲ ਵਿੱਚ 'ਬਾਲ ਮੇਲਾ' ਲਗਾਇਆ ਗਿਆ। ਉਹਨਾਂ ਦੱਸਿਆ ਕਿ ਇਸ ਦੌਰਾਨ ਵਿਦਿਆਰਥੀਆਂ ਦੇ ਵੱਖ-ਵੱਖ ਤਰ੍ਹਾਂ ਦੇ ਜਿਵੇਂ ਕਿ ਭਾਸ਼ਣ, ਸਲੋਗਨ, ਲੇਖ, ਕਵਿਤਾਵਾਂ ਅਤੇ ਚਾਰਟ ਮੇਕਿੰਗ ਆਦਿ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਦਾਖਲਾ ਮੁਹਿੰਮ ਸੰਬੰਧੀ ਰੈਲੀ ਵੀ ਕੱਢੀ ਗਈ।

ਇਸ ਸਮੇਂ ਦੌਰਾਨ ਸਕੂਲ ਦੀ ਨਵੀਂ ਮੈਗਜ਼ੀਨ 'ਨਵੀਆਂ ਪੈੜਾਂ' ਨੂੰ ਵੀ ਰਿਲੀਜ਼ ਕੀਤਾ ਗਿਆ। ਇਸ ਮੇਲੇ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ। ਇਵੈਂਟ ਦਾ ਪ੍ਰਬੰਧ ਲੈਕਚਰਾਰ ਵਜ਼ੀਰ ਚੰਦ, ਅਧਿਆਪਕਾਵਾਂ ਅਮਰਪ੍ਰੀਤ ਕੌਰ, ਰੇਖਾ ਰਾਣੀ, ਅਵਨੀਤ ਕੌਰ, ਜੋਤੀਬਾਲਾ, ਰਮਨੀਕ ਕੌਰ, ਰਮਨਦੀਪ ਕੌਰ, ਨਵਨੀਤ ਕੌਰ, ਨਵਜੋਤ ਕੌਰ ਅਤੇ ਪਰਵਿੰਦਰ ਕੌਰ ਵੱਲੋਂ ਕੀਤਾ ਗਿਆ। ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਸਮੂਹ ਸਟਾਫ਼ ਨੇ ਆਪਣਾ ਯੋਗਦਾਨ ਦਿੱਤਾ। ਇਸ ਮੌਕੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਕਮਲਾ ਦੇਵੀ ਦੀ ਤਰਫੋਂ ਸਾਰੇ ਬੱਚਿਆਂ ਨੂੰ ਬਾਲ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਅਧਿਆਪਕਾਂ ਨੂੰ ਸੁਚਾਰੂ ਪ੍ਰਬੰਧ ਲਈ ਵਧਾਈ ਦਿੱਤੀ ਗਈ। Author: Malout Live