ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਹੁਕਮਾਂ ਅਨੁਸਾਰ ਇੰਸਪੈਕਸ਼ਨ ਟੀਮ ਵੱਲੋਂ ਮਲੋਟ ਦੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੀ ਕੀਤੀ ਗਈ ਇੰਸਪੈਕਸ਼ਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਤੇ ਡਾ. ਰੂਹੀ ਦੁੱਗ ਆਈ.ਏ.ਐੱਸ. ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਜ਼ਿਲ੍ਹੇ ਵਿੱਚੋਂ ਨਸ਼ੇ ਦੀ ਅਲਾਮਤ ਨੂੰ ਜੜੋਂ ਖਤਮ ਕਰਨ ਦੇ ਉਦੇਸ਼ ਨਾਲ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਹੁਕਮਾਂ ਅਨੁਸਾਰ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਇੰਸਪੈਕਸ਼ਨ ਟੀਮ ਵੱਲੋਂ ਮਲੋਟ ਦੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੀ ਇੰਸਪੈਕਸ਼ਨ ਕੀਤੀ ਗਈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾ. ਸੰਜੀਵ ਕੁਮਾਰ ਐੱਸ.ਡੀ.ਐਮ. ਮਲੋਟ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿਖੇ ਨਸ਼ਾ ਛੁਡਾਊ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿੱਥੇ ਕਿ ਨਸ਼ਾ ਪੀੜ੍ਹਤ ਵਿਅਕਤੀਆਂ ਨੂੰ ਦਾਖਲ ਕਰਕੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਵਿੱਚ ਬਿਨ੍ਹਾ ਤਕਲੀਫ ਤੋਂ ਅਤੇ ਬਿਲਕੁੱਲ ਮੁਫਤ ਨਸ਼ਾ ਛੁਡਵਾਇਆ ਜਾਂਦਾ ਹੈ ਅਤੇ ਜ਼ਿਲ੍ਹੇ ਵਿੱਚ ਪ੍ਰਾਈਵੇਟ ਨਸ਼ਾ ਛੁਡਾਊ ਹਸਪਤਾਲਾਂ ਵਿੱਚ ਵੀ ਦਾਖਿਲ ਕਰਕੇ ਬਿਨ੍ਹਾਂ ਤਕਲੀਫ ਤੋਂ ਮਾਹਿਰ ਡਾਕਟਰਾਂ ਦੀ ਨਿਗਰਾਨੀ ਵਿੱਚ ਨਸ਼ਾ ਛੁਡਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਤੋਂ ਬਾਅਦ ਕੋਈ ਵੀ ਵਿਅਕਤੀ ਪੁਨਰਵਾਸ ਕੇਂਦਰ ਥੇਹੜੀ ਵਿਖੇ ਦਾਖਿਲ ਹੋ ਸਕਦਾ ਹੈ, ਜਿੱਥੇ ਕਿ ਉਸਨੂੰ ਲੋੜੀਂਦੀ ਮੈਡੀਕਲ ਸਹਾਇਤਾ ਦੇ ਨਾਲ ਖਾਣਾ ਵੀ ਬਿਲਕੁੱਲ ਮੁਫਤ ਦਿੱਤਾ ਜਾਂਦਾ ਹੈ ਅਤੇ 2 ਤੋਂ 6 ਮਹੀਨੇ ਤੱਕ ਵਿਅਕਤੀ ਇੱਥੇ ਰਹਿ ਸਕਦਾ ਹੈ,

ਜਿੱਥੇ ਕੇ ਮਾਹਿਰ ਕੌਂਸਲਰਾਂ ਵੱਲੋਂ ਉਨ੍ਹਾ ਦੀ ਰੋਜ਼ਾਨਾ ਕਾਊਂਸਲਿੰਗ ਕੀਤੀ ਜਾਂਦੀ ਹੈ ਤਾਂ ਜੋ ਉਹ ਦੁਬਾਰਾ ਨਸ਼ਾ ਨਾ ਕਰਨ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ਾ ਰੋਗੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਡਾ. ਬੰਦਨਾ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਾਹਿਰ ਡਾਕਟਰ ਦੀ ਸਹਾਇਤਾ ਨਾਲ ਕੋਈ ਵਿਅਕਤੀ ਕਿੰਨ੍ਹਾ ਵੀ ਨਸ਼ਾ ਕਰਦਾ ਹੋਵੇ, ਬਿਨ੍ਹਾ ਤਕਲੀਫ ਤੋਂ ਨਸ਼ਾ ਛੱਡ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਪੀੜ੍ਹਤ ਵਿਅਕਤੀਆਂ ਨੂੰ ਨਸ਼ਾ ਛੁਡਾਉ ਕੇਂਦਰਾਂ ਵਿੱਚ ਲਿਆ ਕੇ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਅਤੇ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਆਪਣੀਆਂ ਰੋਜਾਨਾ ਦੀਆਂ ਜਿੰਮੇਵਾਰੀਆਂ ਕਾਰਨ ਹਸਪਤਾਲਾਂ ਵਿੱਚ ਦਾਖਿਲ ਹੋ ਕੇ ਨਸ਼ਾ ਨਹੀ ਛੱਡ ਸਕਦੇ ਉਨ੍ਹਾ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ 19 ਓਟ ਸੈਂਟਰ ਖੋਲ੍ਹੇ ਗਏ ਹਨ ਜਿੱਥੇ ਕੇ ਨਸ਼ਾ ਪੀੜ੍ਹਤ ਵਿਅਕਤੀਆਂ ਨੂੰ ਬਿਨ੍ਹਾ ਦਾਖਲ ਕੀਤੇ ਨਸ਼ਾ ਛੱਡਣ ਲਈ ਮੁਫਤ ਦਵਾਈ ਦਿੱਤੀ ਜਾਂਦੀ ਹੈ। ਇਸ ਇੰਸਪੈਕਸ਼ਨ ਟੀਮ ਵਿੱਚ ਡਾ. ਰਛਮੀ ਚਾਵਲਾ ਐੱਸ.ਐਮ.ਓ. ਮਨੋਰੋਗ ਮਾਹਿਰ, ਸ਼੍ਰੀ ਪੰਕਜ ਕੁਮਾਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਹਰਜਿੰਦਰ ਸਿੰਘ ਜ਼ਿਲ੍ਹਾ ਡਰੱਗ ਇੰਸਪੈਕਟਰ, ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫਸਰ, ਸ਼੍ਰੀਮਤੀ ਬੀਨੂੰ ਕਾਊਂਸਲਰ, ਸ਼ਾਮਿਲ ਸਨ। Author: Malout Live