ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਵੱਲੋਂ 'ਮੇਰੀ ਬੇਟੀ ਮੇਰਾ ਸ਼ਾਨ' ਮੁਹਿੰਮ ਸ਼ੁਰੂ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੇਰੀ ਬੇਟੀ ਮੇਰੀ ਸ਼ਾਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਉਹ ਖੁਦ ਸਰਕਾਰੀ ਸਕੂਲਾਂ ਦਾ ਦੌਰਾ ਕਰਕੇ ਵੱਖ-ਵੱਖ ਜਮਾਤਾਂ ਵਿੱਚ ਅਵੱਲ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਸਕੂਲ ਬੈਗ ਵੰਡ ਕੇ ਉਨ੍ਹਾਂ ਦਾ ਹੌਂਸਲਾ ਵਧਾ ਰਹੇ ਹਨ ਅਤੇ ਨਾਲ ਹੀ ਇਸ ਦੌਰਾਨ ਉਹ ਇੰਨ੍ਹਾਂ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਸਖਸ਼ੀਅਤ ਉਸਾਰੀ ਲਈ ਵੀ ਉਨ੍ਹਾਂ ਦਾ ਮਾਰਗਦਰਸ਼ਨ ਕਰ ਰਹੇ ਹਨ।ਇਸ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਿੰਡ ਕਿੰਗਰਾ, ਰੱਥੜੀਆਂ, ਨਵਾਂ ਪਿੰਡ ਮਲੋਟ, ਪੁਰਾਣਾ ਪਿੰਡ ਮਲੋਟ, ਔਲਖ, ਸ਼ੇਰਗੜ੍ਹ ਦਾ ਦੌਰਾ ਕਰਕੇ ਬੇਟੀ ਬਚਾਓ ਬੇਟੀ ਪੜਾਓ ਪ੍ਰੋਗਰਾਮ ਦੇ ਭਾਗ ਤਹਿਤ ਵਿਦਿਆਰਥਣਾਂ ਨੂੰ ਮਿਲ ਕੇ ਇਸ ਮੁਹਿੰਮ ਤਹਿਤ ਸਕੂਲ ਬੈਗ ਵੰਡੇ।
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਜ਼ਿਲ੍ਹੇ ਭਰ ਵਿੱਚ ਇਸ ਤਰਾਂ ਨਾਲ ਪੜਾਈ ਵਿੱਚ ਅਵੱਲ ਆਉਣ ਵਾਲੀਆਂ ਵਿਦਿਆਰਥਣਾਂ ਦੀ ਹੌਂਸਲਾ ਅਫਜਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ 13 ਤੋਂ 20 ਜਨਵਰੀ ਤੱਕ ਧੀਆਂ ਦੀ ਲੋਹੜੀ ਸੰਬੰਧੀ ਸਮਾਗਮ ਕੀਤੇ ਜਾਣਗੇ ਤਾਂ ਜੋ ਸਮਾਜ ਵਿੱਚ ਧੀਆਂ ਦੇ ਸਤਿਕਾਰ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਨੇ ਇਸ ਮੌਕੇ ਵਿਦਿਆਰਥਣਾਂ ਨੂੰ ਦਿਲ ਲਗਾ ਕੇ ਪੜਾਈ ਕਰਨ ਅਤੇ ਸਹਿ ਵਿੱਦਿਅਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਸਲਾਹ ਦਿੰਦਿਆਂ ਕਿਹਾ ਕਿ ਸਿੱਖਿਆ ਸਹਾਰੇ ਸਾਡੀਆਂ ਧੀਆਂ ਜੀਵਨ ਵਿੱਚ ਹਰ ਮੰਜਿਲ ਸਰ ਕਰ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਧੀਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਸਮਾਜਿਕ ਵਿਕਾਸ ਲਈ ਹਰ ਉਪਰਾਲਾ ਕਰ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਪ੍ਰਦੀਪ ਸਿੰਘ ਗਿੱਲ ਸਮੇਤ ਹੋਰ ਪਤਵੰਤੇ ਹਾਜ਼ਿਰ ਸਨ। Author: Malout Live