ਪੰਜਾਬ ਸਰਕਾਰ ਵੱਲੋਂ ਸਰਬਤ ਸਿਹਤ ਬੀਮਾ ਯੋਜਨਾ ਦੇ ਬਕਾਇਆ ਲਾਭਪਾਤਰੀਆਂ ਦੇ ਤੁਰੰਤ ਕਾਰਡ ਬਣਾਉਣ ਦੇ ਨਿਰਦੇਸ਼

ਸ੍ਰੀ ਮੁਕਤਸਰ ਸਾਹਿਬ:-  ਪੰਜਾਬ ਸਰਕਾਰ ਵੱਲੋਂ ਸਰਬਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੇ ਬਕਾਇਆ ਕਾਰਡ ਤੁਰੰਤ ਬਣਾਉਣ ਲਈ ਵਿਸੇਸ਼ ਮੁਹਿੰਮ ਆਰੰਭੀ ਗਈ ਹੈ ਅਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਦਾ ਵਾਧੂ ਚਾਰਜ ਸੰਭਾਲਣ ਉਪਰੰਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨਾਂ ਨੇ ਇਸ ਮੌਕੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਪ੍ਰੇਰਿਤ ਕਰਕੇ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਏ ਜਾਣ ਤਾਂ ਜੋ ਉਹ ਸਰਕਾਰ ਵੱਲੋਂ ਮੁਹਈਆ ਕਰਵਾਈ 5  ਲੱਖ ਰੁਪਏ ਤੱਕ ਦੇ ਨਗਦੀ ਰਹਿਤ ਇਲਾਜ ਦੀ ਸੁਵਿਧਾ ਦਾ ਲਾਭ ਲੈ ਸਕਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਰਾਸ਼ਨ ਕਾਰਡ ਧਾਰਕ ਪਰਿਵਾਰਾਂ, ਕਿਸਾਨਾਂ, ਛੋਟੇ ਵਪਾਰੀਆਂ, ਊਸਾਰੀ ਕਿਰਤੀਆਂ ਅਤੇ ਕਾਰਡ ਧਾਰਕ ਪੱਤਰਕਾਰਾਂ ਨੂੰ ਸਰਕਾਰ ਵੱਲੋਂ ਇਹ ਸੁਵਿਧਾ ਦਿੱਤੀ ਗਈ ਹੈ।

ਉਨਾਂ ਨੇ ਕਿਹਾ ਕਿ ਇਹ ਕਾਰਡ ਸੇਵਾ ਕੇਂਦਰਾਂ, ਕਾਮਨ ਸਰਵਿਸ ਸੈਂਟਰਾਂ ਅਤੇ ਵਿਡਾਲ ਕੰਪਨੀ ਵੱਲੋਂ ਪਿੰਡਾਂ ਵਿਚ ਲਗਾਏ ਜਾ ਰਹੇ ਕੈਂਪਾਂ ਤੋਂ ਬਣਵਾਏ ਜਾ ਸਕਦੇ ਹਨ। ਇਸ ਤੋਂ ਬਿਨਾਂ ਚਾਰਾਂ ਮਾਰਕਿਟ ਕਮੇਟੀਆਂ ਦੇ ਦਫ਼ਤਰਾਂ ਵਿਚ ਵੀ ਇਹ ਕਾਰਡ ਬਣਾਉਣ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਲ।  ਉਨਾਂ ਨੇ ਦੱਸਿਆ ਕਿ ਇਹ ਕਾਰਡ ਬਣਵਾਉਣ ਦੀ ਸਰਕਾਰੀ ਫੀਸ ਸਿਰਫ 30 ਰੁਪਏ ਹੈ ਅਤੇ ਜੇਕਰ ਕੋਈ ਇਸਤੋਂ ਵੱਧ ਫੀਸ ਵਸੂਲ ਕਰਦਾ ਹੈ ਤੁਰੰਤ ਇਸਦੀ ਸ਼ਿਕਾਇਤ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲਾਭ ਪਾਤਰੀ ਆਪਣੀ ਯੋਗਤਾ ਚੈਕ ਕਰਨ ਲਈ ਆਪਣੇ ਅਧਾਰ ਕਾਰਡ, ਰਾਸ਼ਨ ਕਾਰਡ, ਪੀਲਾ ਕਾਰਡ, ਉਸਾਰੀ ਕਿਰਤੀ ਕਾਰਡ ਦੇ ਨੰਬਰ  ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਯੋਜਨਾ ਤਹਿਤ ਸਰਕਾਰ ਵੱਲੋਂ ਪ੍ਰਤੀ ਪਰਿਵਾਰ ਸਲਾਨਾ 5 ਲੱਖ ਰੁਪਏ ਤੱਕ ਦੇ ਨਗਦੀ ਰਹਿਤ ਮੁਫ਼ਤ ਇਲਾਜ ਦੀ ਸਹੁਲਤ ਦਿੱਤੀ ਜਾਂਦੀ ਹੈ। ਇਸ ਯੋਜਨਾ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।