ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਪ੍ਰਗਤੀਸ਼ੀਲ ਕਿਸਾਨ ਜਗਮੀਤ ਸਿੰਘ ਭਲਾਈਆਣਾ ਨੇ ਖੇਤੀ ਨੂੰ ਦਿੱਤਾ ਨਵਾਂ ਰੂਪ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਦੇ ਕਿਸਾਨ ਜਗਮੀਤ ਸਿੰਘ ਨੇ ਆਪਣੀ ਖੇਤੀ ਨੂੰ ਨਵਾਂ ਰੂਪ ਦਿੱਤਾ ਹੈ, ਜਿੱਥੇ ਉਹ ਹੱਥੀ ਕੰਮ ਕਰਕੇ ਉੱਚ ਪੱਧਰ ਦੀ ਪੈਦਾਵਾਰ ਕਰ ਰਿਹਾ ਹੈ ਅਤੇ ਆਪਣੇ ਉਤਪਾਦਾਂ ਦੀ ਪ੍ਰੋਸੈਸਿੰਗ ਕਰਕੇ ਖੁੱਦ ਮੰਡੀਕਰਨ ਕਰਦਾ ਹੈ। ਇਸ ਨਾਲ ਉਸ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਸਥਾਪਿਤ ਹੁਨਰ ਹਾਟ ਵਿੱਚ ਆਪਣਾ ਸਮਾਨ ਲੈ ਕੇ ਪਹੁੰਚੇ ਜਗਮੀਤ ਸਿੰਘ ਨੇ ਦੱਸਿਆ ਕਿ ਇਹ ਪੰਜਾਬ ਸਰਕਾਰ ਦਾ ਵਧੀਆ ਉਪਰਾਲਾ ਹੈ, ਜਿੱਥੇ ਉਨ੍ਹਾਂ ਵਰਗੇ ਛੋਟੇ ਕਿਸਾਨਾਂ ਨੂੰ ਇੱਕ ਮੰਚ ਮਿਲਿਆ ਹੈ, ਜਿੱਥੇ ਉਹ ਆਪਣੇ ਸਾਮਾਨ ਦੀ ਵਿਕਰੀ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਬਜ਼ੀਆਂ ਦੀ ਸਾਂਭ-ਸੰਭਾਲ ਸੰਬੰਧੀ ਕ੍ਰਿਸ਼ੀ ਵਿਗਿਆਨ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਵੀ ਸਿਖਲਾਈ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਨੇ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਫੂਡ ਪ੍ਰੋਸੈਸਿੰਗ ਅਤੇ ਸਵੈ-ਮੰਡੀਕਰਨ ਦੇ ਯਤਨ ਕਰਨ। ਇਸ ਤੋਂ ਬਿਨ੍ਹਾਂ ਉਹ ਬੱਕਰੀ ਪਾਲਣ ਵੀ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਵੀ ਕਿਸਾਨ ਸਹਾਇਕ ਧੰਦਿਆਂ ਦੇ ਸਹਾਰੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਉਹ ਹਰ ਐਤਵਾਰ ਪਿੰਡ ਭਲਾਈਆਣਾ ਵਿਖੇ ਬੱਕਰੀਆਂ ਦੀ ਮੰਡੀ ਦਾ ਆਯੋਜਨ ਵੀ ਕਰਦੇ ਹਨ, ਜਿਸ ਨਾਲ ਹੋਰਨਾਂ ਕਿਸਾਨਾਂ ਨੂੰ ਵੀ ਆਪਣੇ ਜਾਨਵਰਾਂ ਦੀ ਖਰੀਦ ਵੇਚ ਕਰਨ ਵਿੱਚ ਸੌਖ ਹੁੰਦੀ ਹੈ। Author: Malout Live