ਮਲੋਟ ਦੇ ਮਿਮਿਟ ਕਾਲਜ ਦੇ ਕੰਟਰੈਕਟ ਮੁਲਾਜ਼ਮਾਂ ਵੱਲੋਂ ਕਾਲੀਆਂ ਪੱਟੀਆਂ ਲਗਾ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ

, , ,

ਮਲੋਟ : ਪੰਜਾਬ ਸਰਕਾਰ ਵੱਲੋਂ ਸਥਾਪਿਤ ਸੰਸਥਾ ਮਿਮਿਟ ਮਲੋਟ ਵਿਖੇ ਅੱਜ ਪਿਛਲੇ 14 ਸਾਲਾਂ ਤੋਂ ਯੋਗ ਪ੍ਰਣਾਲੀ ਰਾਹੀਂ ਭਰਤੀ ਕੀਤੇ ਗਏ ਕੰਟਰੈਕਟ ਮੁਲਾਜ਼ਮਾਂ ਵੱਲੋਂ ਕਾਲੀਆਂ ਪੱਟੀਆਂ ਲਗਾ ਕੇ ਕਾਲਜ ਦੇ ਮੁੱਖ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕੰਟਰੈਕਟ ਯੂਨੀਅਨ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਕੰਟਰੈਕਟ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਜੋ ਵੱਡੇ-ਵੱਡੇ ਇਸ਼ਤਿਹਾਰ ਜਾਰੀ ਕਰ ਰਹੀ ਹੈ, ਉਹ ਸਭ ਝੂਠ ਦਾ ਪੁਲੰਦਾ ਹੈ। ਯੂਨੀਅਨ ਪ੍ਰਧਾਨ ਮੇਜਰ ਸਿੰਘ ਸਿੱਧੂ ਨੇ ਦੱਸਿਆ ਕਿ 2010-11 ਵਿੱਚ ਪੰਜਾਬ ਸਰਕਾਰ ਦੇ ਵੱਖ-ਵੱਖ ਇੰਜੀਨੀਅਰਿੰਗ ਕਾਲਜਾਂ ਵਿੱਚ ਕੰਟਰੈਕਟ ਆਧਾਰ ਤੇ ਮੁਲਾਜ਼ਮ ਭਰਤੀ ਕੀਤੇ ਗਏ ਸਨ ਅਤੇ 2016 ਵਿੱਚ ਇੱਕ ਨੀਤੀ ਅਧੀਨ ਪੰਜਾਬ ਸਰਕਾਰ ਦੁਆਰਾ ਸਥਾਪਿਤ ਇੰਜੀਨੀਅਰਿੰਗ ਕਾਲਜਾਂ ਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਗਈਆਂ ਸਨ।

ਪਰ ਮਿਮਿਟ ਮਲੋਟ ਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਕੇਸ 2016 ਤੋਂ ਅੱਜ ਤੱਕ ਲਟਕਿਆ ਹੀ ਪਿਆ ਹੈ। ਇਸ ਸੰਬੰਧੀ ਕੰਟਰੈਕਟ ਮੁਲਾਜ਼ਮ ਤਕਨੀਕੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਮੰਤਰੀ ਸਾਹਿਬਾਨ ਨੂੰ ਵਾਰ-ਵਾਰ ਮਿਲੇ ਪਰ ਸਭ ਵੱਲੋਂ ਸਿਰਫ ਲਾਰੇ ਹੀ ਮਿਲੇ। ਮੁਲਾਜ਼ਮਾਂ ਵੱਲੋਂ ਅੱਜ ਸਰਕਾਰ ਅਤੇ ਸੰਸਥਾ ਪ੍ਰਸ਼ਾਸਨ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਕਿਹਾ ਗਿਆ ਕਿ ਜੇਕਰ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਜਲਦ ਤੋਂ ਜਲਦ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। Author : Malout Live