ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਦੇਸ਼ ਵਾਪਸੀ ਲਈ ਮਲੋਟ ਵਿਖੇ ਕੀਤਾ ਗਿਆ ਸੰਖੇਪ ਇਕੱਠ
ਮਲੋਟ:- ਐਂਟੀ ਕ੍ਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਵੱਲੋਂ ਸੂਬਾ ਪ੍ਰਧਾਨ ਪ੍ਰਿੰਸ ਬਾਂਸਲ ਦੀ ਅਗਵਾਈ ਹੇਠ ਯੂਕਰੇਨ ਵਿਖੇ ਫਸੇ ਹੋਏ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਦੀ ਵਤਨ ਵਾਪਸੀ ਲਈ ਭਾਰਤ ਸਰਕਾਰ ਨੂੰ ਬੇਨਤੀ ਅਤੇ ਸੰਦੇਸ਼ ਵਜੋਂ ਸ਼੍ਰੀ ਗੁਰੂ ਨਾਨਕ ਦੇਵ ਤਿਕੋਣੀ ਚੌਂਕ ਮਲੋਟ ਵਿਖੇ ਬੀਤੇ ਦਿਨੀਂ ਸੰਖੇਪ ਇਕੱਠ ਕੀਤਾ ਗਿਆ। ਇਸ ਵਿੱਚ ਐਂਟੀ ਕ੍ਰਾਈਮ ਸਪੈਸ਼ਲ ਵਲੰਟੀਅਰ ਕਲੱਬ ਪੰਜਾਬ ਦੇ ਮੈਂਬਰ ਲਵਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਹਰਮਨ ਕੰਬੋਜ, ਹਰਮਨਦੀਪ ਸਿੰਘ,
ਮੰਗਲ ਸਿੰਘ, ਕਰਨ, ਪ੍ਰਿੰਸ ਅਤੇ ਸੁਰੇਸ਼ ਨੇ ਹੱਥ ਵਿੱਚ ਸਲੋਗਨ ਫੜ੍ਹ ਕੇ ਭਾਰਤ ਸਰਕਾਰ ਨੂੰ ਵਿਦਿਆਰਥੀਆਂ ਦੀ ਵਤਨ ਵਾਪਸੀ ਲਈ ਸੁਨੇਹਾ ਲਗਾਇਆ। ਪ੍ਰਿੰਸ ਬਾਂਸਲ ਨੇ ਸਾਂਝਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਹਰ ਮੁਲਕ ਨੂੰ ਚਾਹੀਦਾ ਹੈ ਕਿ ਉਹ ਯੂਕਰੇਨ ਵਿੱਚ ਫਸੇ ਆਪੋ-ਆਪਣੇ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਪਹਿਲ ਦੇ ਅਧਾਰ ਤੇ ਵਾਪਿਸ ਲੈ ਕੇ ਆਉਣ। ਪ੍ਰਿੰਸ ਬਾਂਸਲ ਨੇ ਸਮਾਜ ਸੇਵੀ ਅਤੇ ਸੰਗੀਤਕਾਰ ਵਿਨੋਦ ਖੁਰਾਣਾ ਦਾ ਇਸ ਮੁੱਦੇ ਪ੍ਰਤੀ ਉਹਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ।