ਦਿਵਿਆਂਗ ਵਿਅਕਤੀਆਂ ਨੂੰ ਬਣਾਉਟੀ ਅੰਗ ਲਗਾਉਣ ਲਈ ਲਗਾਏ ਜਾਣਗੇ ਅਸੈਸਮੈਂਟ ਕੈਂਪ- ਡਿਪਟੀ ਕਮਿਸ਼ਨਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜਿਲਾ ਰੈੱਡ ਕਰਾਸ ਸੋਸਾਇਟੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦਿਵਿਆਂਗ ਵੀਰਾਂ ਅਤੇ ਬੀਬੀਆਂ ਵਾਸਤੇ ਜਿਲ੍ਹੇ ਵਿੱਚ ਅਲਿਮਕੋ ਵੱਲੋਂ ਜਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਅਸੈੱਸਮੇਂਟ ਕੈਂਪ ਲਗਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਮਾਹਿਰਾਂ ਦੀ ਟੀਮ ਵੱਲੋਂ ਲੋੜਾਂ ਦਾ ਅੰਦਾਜ਼ਾ ਲਗਵਾ ਕੇ ਅਗਲੇ ਕੈਂਪ ਵਿੱਚ ਨਕਲੀ ਅੰਗ ਅਤੇ ਹੋਰ ਉਪਕਰਣ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 12 ਮਈ ਨੂੰ ਵਿਧਾਨ ਸਭਾ ਹਲਕਾ ਲੰਬੀ ਦੇ ਡਰਾਈਵਿੰਗ ਸਕੂਲ ਮਾਹੂਆਣਾ ਵਿਖੇ, 15 ਮਈ ਨੂੰ ਵਿਧਾਨ ਸਭਾ ਹਲਕਾ ਮਲੋਟ ਦੇ ਐਡਵਰਡ ਗੰਜ ਕਮੇਟੀ ਹਾਲ ਮਲੋਟ ਵਿਖੇ, 17 ਮਈ ਨੂੰ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਐੱਸ.ਐੱਸ.ਡੀ ਕਮਿਊਨਿਟੀ ਸੈਂਟਰ ਗਿੱਦੜਬਾਹਾ ਅਤੇ
19 ਮਈ ਨੂੰ ਭਾਈ ਮਹਾਂ ਸਿੰਘ ਹਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਇਹ ਅਸੈਸਮੈਂਟ ਕੈਂਪ ਲਗਾਏ ਜਾਣਗੇ। ਵਧੇਰੇ ਜਾਣਕਾਰੀ ਦਿੰਦਿਆਂ ਪ੍ਰੋ. ਗੋਪਾਲ ਸਿੰਘ ਸਕੱਤਰ ਜਿਲ੍ਹਾ ਰੈੱਡ ਕਰਾਸ ਸੰਸਥਾ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਪਾਸ ਦਿਵਿਆਂਗਤਾ ਦੀ ਪ੍ਰਤੀਸ਼ਤ ਵਿਖਾਉਂਦਾ ਜਿਲ੍ਹਾ ਮੈਡੀਕਲ ਅਫਸਰ ਦੁਆਰਾ ਜਾਰੀ ਕੀਤਾ ਹੋਇਆ ਸਰਟੀਫਿਕੇਟ, ਅਧਾਰ ਕਾਰਡ, ਆਮਦਨ ਸਰਟੀਫਿਕੇਟ 22500/- ਰੁਪਏ ਪ੍ਰਤੀ ਮਹੀਨਾਂ ਤੋਂ ਘੱਟ ਆਮਦਨ ਵਿਖਾਉਂਦਾ ਪਿੰਡ ਦੇ ਸਰਪੰਚ ਜਾਂ ਮਿਉਂਸਿਪਲ ਕੌਂਸਲਰ ਦੁਆਰਾ ਜਾਰੀ ਕੀਤਾ ਗਿਆ ਸਰਟੀਫਿਕੇਟ ਅਤੇ ਪਾਸਪੋਰਟ ਸਾਈਜ਼ ਫੋਟੋਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਜਿਲ੍ਹੇ ਦੇ ਸੰਬੰਧਿਤ ਵਿਅਕਤੀਆਂ ਨੂੰ ਕਿਹਾ ਕਿ ਜਿਨ੍ਹਾਂ ਨੇ ਨਕਲੀ ਅੰਗ ਅਤੇ ਹੋਰ ਉਪਕਰਣ ਲਗਵਾਉਣੇ ਹੋਣ ਤਾਂ ਉਹ ਆਪਣੇ ਵਿਧਾਨ ਸਭਾ ਹਲਕੇ ਦੇ ਨਿਰਧਾਰਿਤ ਸਥਾਨ ਤੇ ਪਹੁੰਚ ਕੇ ਲਾਭ ਉਠਾ ਸਕਦਾ ਹੈ। Author: Malout Live