ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਵੱਲੋਂ ਨਰਮੇਂ ਦੀ ਫ਼ਸਲ ਹੇਠ ਰਕਬਾ ਵਧਾਉਣ ਸੰਬੰਧੀ ਕੀਤੀ ਅਹਿਮ ਮੀਟਿੰਗ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਮਿਸ਼ਨ ਉੱਨਤ ਕਿਸਾਨ ਅਧੀਨ ਨਰਮਾ ਪੱਟੀ ਵਾਲੇ ਜਿਲ੍ਹਿਆਂ ਵਿੱਚ ਨਰਮੇਂ ਦੀ ਫ਼ਸਲ ਨੂੰ ਮੁੜ ਸੁਰਜੀਤ ਕਰਨ ਲਈ ਅਤੇ ਕਿਸਾਨਾਂ ਨੂੰ ਨਰਮੇਂ ਦੀ ਫ਼ਸਲ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਪ੍ਰੇਰਿਤ ਕਰਨ ਬਾਰੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸੰਬੰਧ ਵਿੱਚ ਸ਼੍ਰੀ ਰਾਜੇਸ਼ ਕੁਮਾਰ ਰਹੇਜਾ, ਕੇਨ ਕਮਿਸ਼ਨਰ ਕਮ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਖੇਤੀਬਾੜੀ ਵਿਭਾਗ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀਆਂ ਦੀ ਗਿੱਦੜ੍ਹਬਾਹਾ ਵਿਖੇ ਇੱਕ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਪਾਸੋਂ ਨਰਮੇਂ ਦੀ ਫ਼ਸਲ ਹੇਠ ਰਕਬਾ ਵਧਾਉਣ ਅਤੇ ਪਿੰਡ ਪੱਧਰ ਤੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬੀਜ਼ ਸਬਸਿਡੀ ਪ੍ਰਾਪਤ ਕਰਨ ਲਈ ਪੋਰਟਲ ਉਪਰ ਰਜਿਸਟੇ੍ਰਸ਼ਨ ਕਰਨ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਕਿਸਾਨ ਨੂੰ ਖੇਤੀਬਾੜੀ ਸੰਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਟੋਲ ਫਰੀ ਨੰ. 1100 ਤੇ ਸੰਪਰਕ ਕੀਤਾ ਜਾਵੇ।

ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਨਰਮੇਂ ਦੀ ਬਿਜਾਈ ਕਰਨ ਵਾਲੇ ਕਿਸਾਨ ਬੀਜ਼ ਤੇ ਸਬਸਿਡੀ ਪ੍ਰਾਪਤ ਕਰਨਲਈ  www.agrimachinerypb.com ਪੋਰਟਲ ਉੱਪਰ 25 ਮਾਰਚ ਤੋਂ 31 ਮਈ ਤੱਕ ਅਪਲਾਈ ਕਰ ਸਕਦੇ ਹਨ ਸਬਸਿਡੀ ਲੈਣ ਲਈ ਪੋਰਟਲ ਤੇ ਅਪਲਾਈ ਕਰਨ ਸਮੇਂ ਜੇਕਰ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਸੰਬੰਧਿਤ ਬਲਾਕ ਖੇਤੀਬਾੜੀ ਦਫ਼ਤਰ ਪਹੁੰਚ ਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ/ ਕਰਮਚਾਰੀ ਤੋਂ ਮੱਦਦ ਲੈ ਸਕਦਾ ਹੈ। ਮੀਟਿੰਗ ਦੌਰਾਨ ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹੇ ਅੰਦਰ ਨਰਮੇਂ ਦੀ ਫ਼ਸਲ ਹੇਠ ਰਕਬਾ ਵਧਾਉਣ ਸੰਬੰਧੀ ਖੇਤੀਬਾੜੀ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਜਿਸ ਤੇ ਮਾਨਯੋਗ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਵੱਲੋਂ ਤਸੱਲੀ ਪ੍ਰਗਟਾਈ ਗਈ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਨਹਿਰੀ ਪਾਣੀ ਪੂਰਾ ਚੱਲ ਰਿਹਾ ਹੈ ਅਤੇ 15 ਮਈ ਤੱਕ ਹਰ ਹਾਲਤ ਵਿਚ ਨਰਮੇਂ ਦੀ ਬਿਜਾਈ ਪੂਰੀ ਕਰ ਲਈ ਜਾਵੇ। ਮੀਟਿੰਗ ਦੇ ਅੰਤ ਵਿੱਚ ਸ਼੍ਰੀ ਭੁਪਿੰਦਰ ਕੁਮਾਰ, ਸਹਾਇਕ ਕਪਾਹ ਵਿਸਥਾਰ ਅਫ਼ਸਰ, ਗਿੱਦੜਬਾਹਾ ਵੱਲੋਂ ਉਚੇਚੇ ਤੌਰ ਤੇ ਪਹੁੰਚੇ ਕੇਨ ਕਮਿਸ਼ਨਰ ਕਮ ਸੰਯੁਕਤ ਡਾਇਰੈਕਟਰ ਖੇਤੀਬਾੜੀ ਦਾ ਵਿਭਾਗ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਸਮੂਹ ਅਧਿਕਾਰੀ ਅਤੇ ਕਰਮਚਾਰੀ ਹਾਜ਼ਿਰ ਸਨ। Author: Malout Live