ਸਮਾਜਿਕ ਸੁਰੱਖਿਆ ਵਿਭਾਗ ਵਲੋਂ ਵਧੀ ਹੋਈ ਪੈਨਸ਼ਨ ਦੇ ਵੰਡੇ ਗਏ ਚੈਕ - ਜ਼ਿਲ੍ਹਾ ਵਿੱਚ 1 ਲੱਖ 3 ਹਜ਼ਾਰ ਲਾਭਪਾਤਰੀਆਂ ਨੂੰ ਮਿਲੇਗਾ ਵਧੀ ਹੋਈ ਪੈਨਸ਼ਨ ਦਾ ਲਾਭ
ਸ਼੍ਰੀ ਮੁਕਤਸਰ ਸਾਹਿਬ :- ਪੰਜਾਬ ਸਰਕਾਰ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਯਤਨ ਕਰ ਰਹੀ ਹੈ, ਇਸ ਲੜੀ ਤਹਿਤ ਸਰਕਾਰ ਵਲੋਂ ਬੁਢਾਪਾ ਪੈਨਸ਼ਨਰਾਂ, ਦਿਵਿਆਂਗ ਵਿਅਕਤੀਆਂ,ਵਿਧਵਾਵਾਂ ਔਰਤਾਂ ਅਤੇ ਆਸ਼ਰਿਤ ਬੱਚਿਆਂ ਦੀ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਵਧੀ ਹੋਈ ਪੈਨਸ਼ਨ ਦਾ ਲਾਭ ਦੇਣ ਪੰਜਾਬ ਦੇ ਮੁੱਖ ਮੰਤਰੀ ਨੇ ਆਨ ਲਾਈਨ ਪ੍ਰੋਗਰਾਮ ਰਾਹੀਂ ਸ਼ੁਰੂਆਤ ਕੀਤੀ,ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਰਥਿਕ ਤੌਰ ਤੇ ਕਮਜੌਰ ਅਤੇ ਪਛੜੇ ਵਰਗ ਨੂੰ ਪੰਜਾਬ ਸਰਕਾਰ ਵਲੋਂ ਅਜਿਹੀਆਂ ਸਹੂਲਤਾਂ ਮੁਹੱਈਆਂ ਕਰਵਾ ਕੇ ਉਹਨਾਂ ਦਾ ਆਰਥਿਕ ਪੱਧਰ ਉਚਾ ਚੁੱਕਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਆਨ ਲਾਈਨ ਪ੍ਰੋਗਰਾਮ ਦੌਰਾਨ ਸਾਰੇ ਜਿ਼ਲ੍ਹਿਆ ਵਿੱਚ ਸਕਰੀਨਾਂ ਅਤੇ ਐਲ.ਸੀ.ਡੀ ਉਪਰ ਦੇਖ ਰਹੇ ਲੋਕਾਂ ਲਈ ਵੱਖ ਵੱਖ ਵੀਡੀਓ ਰਾਹੀਂ ਵੀ ਇਸ ਸਕੀਮ ਦੇ ਲਾਭਪਾਤਰੀਆਂ ਨੂੰ ਮਿਲ ਰਹੇ ਲਾਭ ਬਾਰੇ ਜਾਣੂ ਕਰਵਾਇਆ ਗਿਆ।
ਵਧੀ ਹੋਈ ਪੈਨਸ਼ਨ ਸੰਬੰਧੀ ਜ਼ਿਲ੍ਹਾ ਪੱਧਰ ਦਾ ਸਮਾਗਮ ਜ਼ਿਲ੍ਹਾ ਪ੍ਰਬੰਧਕੀ ਕੈਂਪਲੈਕਸ ਵਿਖੇ ਹੋਇਆ, ਜਿਸਦੀ ਪ੍ਰਧਾਨਗੀ ਸ਼੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਮੈਡਮ ਕਰਨ ਕੌਰ ਬਰਾੜ ਸਾਬਕਾ ਵਿਧਾਇਕ, ਮੈਡਮ ਰਾਜਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ੍ਰੀਮਤੀ ਸਵਰਨਜੀਤ ਕੌਰ ਐਸ.ਡੀ.ਐਮ.,ਸ੍ਰੀ ਗਗਨਦੀਪ ਸਿੰਘ ਸਹਾਇਕ ਕਮਿਸ਼ਨਰ (ਸਿਕਾਇਤਾਂ), ਸ੍ਰੀਮਤੀ ਜਸਵੀਰ ਕੌਰ ਸਮਾਜਿਕ ਸੁਰੱਖਿਆ ਅਫਸਰ ਵੀ ਮੌਜੂਦ ਸਨ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਵਿੱਚ ਕੁਲ 103000 ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਦਾ ਲਾਭ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਦਿੱਤਾ ਗਿਆ ਹੈ ।ਇਸ ਮੌਕੇ ਤੇ ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਦੇ ਚੈਕ ਵੀ ਤਕਸੀਮ ਕੀਤੇ ਗਏ।