ਹਰਪ੍ਰੀਤ ਕੌਰ ਸੀ.ਜੀ.ਐੱਮ/ ਸਕੱਤਰ ਵੱਲੋਂ ਲੀਗਲ ਸਰਵਿਸਿਜ਼ ਦਿਵਸ ਦੇ ਮੌਕੇ ਜਿਲ੍ਹਾ ਜੇਲ੍ਹ ਦਾ ਕੀਤਾ ਗਿਆ ਦੌਰਾ ਅਤੇ ਲਗਾਇਆ ਜਾਗਰੂਕਤਾ ਸੈਮੀਨਾਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਰਾਜ ਕੁਮਾਰ, ਮਾਣਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਸਾਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਲੀਗਲ ਸਰਵਿਸਿਜ਼ ਦਿਵਸ ਦੇ ਮੌਕੇ ਜਿਲ੍ਹਾ ਜੇਲ੍ਹ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕੈਦੀਆਂ/ਹਵਾਲਾਤੀਆਂ ਲਈ ਇੱਕ ਸੱਭਿਆਚਾਰਕ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਕੈਦੀਆਂ/ਹਵਾਲਾਤੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਇਸ ਦੇ ਨਾਲ ਮਿਸ. ਹਰਪ੍ਰੀਤ ਕੌਰ, ਅਥਾਰਟੀ ਦੇ ਸਕੱਤਰ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ,

ਪਲੀ ਬਾਰਗੇਨਿੰਗ ਬਾਰੇ ਵੀ ਵਿਸਥਾਪਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੋਲ ਫ੍ਰੀ ਹੈਲਪਲਾਈਨ ਨੰਬਰ 1968 ਤੇ ਜਾਂ ਸਿੱਧੇ ਤੌਰ ਤੇ ਦਫ਼ਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਕੈਦੀਆਂ/ਹਵਾਲਾਤੀਆਂ ਵੱਲੋਂ ਮੰਨੋਰੰਜਨ ਪ੍ਰੋਗਰਾਮ ਕੀਤਾ ਗਿਆ, ਜਿਸ ਉਪਰੰਤ ਮਾਣਯੋਗ ਜੱਜ ਸਾਹਿਬ ਵੱਲੋਂ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਕੈਦੀਆਂ/ਹਵਾਲਾਤੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮਠਿਆਈ ਵੰਡੀ ਗਈ। ਇਸ ਮੌਕੇ ਸ਼੍ਰੀ ਵਰੁਣ ਸ਼ਰਮਾ ਜੇਲ੍ਹ ਸੁਪਰਡੈਂਟ ਸਮੇਤ ਸਟਾਫ਼ ਵੀ ਹਾਜ਼ਿਰ ਸੀ। Author: Malout Live