ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ, ਸਾਊਂਡ ਸਿਸਟਮ ਦੀ ਉੱਚੀ ਆਵਾਜ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ

ਮਲੋਟ: ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਅੱਜ ਸ਼ੋਰ ਪ੍ਰਦੂਸ਼ਣ ਤੇ ਕੰਟਰੋਲ ਰੱਖਣ ਲਈ ਜਿਲ੍ਹੇ ਦੇ ਮੈਰਿਜ ਪੈਲੇਸ ਅਤੇ ਹੋਟਲਾਂ ਮਾਲਕਾਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਮਾਨਯੋਗ ਉੱਚ ਅਦਾਲਤ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਮੈਰਿਜ ਪੈਲੇਸਾਂ ਅਤੇ ਹੋਟਲਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਸਾਊਂਡ ਸਿਸਟਮ ਦੀ ਆਵਾਜ ਸੰਬੰਧਿਤ ਬਿਲਡਿੰਗ ਤੋਂ ਬਾਹਰ ਨਾ ਆੳਣ ਦਿੱਤੀ ਜਾਵੇ ਅਤੇ ਆਵਾਜ ਦੀ ਸੀਮਾਂ ਘੱਟ ਤੋਂ ਘੱਟ ਰੱਖੀ ਜਾਵੇ ਤਾਂ

ਜੋ ਇਲਾਕੇ ਦੇ ਵਸਨੀਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਵੀ ਮੈਰਿਜ ਪੈਲੇਸ ਜਾਂ ਹੋਟਲ ਦੇ ਅੰਦਰ ਨਜਾਇਜ ਤੌਰ ਤੇ ਉੱਚੀ ਆਵਾਜ ਵਿੱਚ ਸਾਊਂਡ ਸਿਸਟਮ ਜਾਂ ਡੀ.ਜੇ ਦਾ ਪ੍ਰਯੋਗ ਹੋ ਰਿਹਾ ਹੋਵੇ ਤਾਂ ਸੰਬੰਧਿਤ ਮੈਰਿਜ ਜਾਂ ਹੋਟਲ ਮਾਲਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਜਿਲ੍ਹੇ ਦੇ ਨਗਰ ਕੌਂਸਲਾਂ ਨੂੰ ਵੀ ਹਦਾਇਤ ਕੀਤੀ ਕਿ ਨਗਰ ਕੌਂਸਲ ਦੀ ਹਦੂਦ ਅੰਦਰ ਸ਼ੋਰ ਪ੍ਰਦੂਸ਼ਣ ਤੇ ਕੰਟਰੋਲ ਰੱਖਿਆ ਜਾਵੇ ਜਿੰਮੇਵਾਰਾਂ ਖਿਲਾਫ ਪੁਲਿਸ ਦੀ ਸਹਾਇਤਾ ਨਾਲ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਖੁਸ਼ੀ ਜਾਂ ਗਮੀ ਦੇ ਸਮਾਗਮਾਂ ਦੌਰਾਨ ਸਾਊਂਡ ਸਿਸਟਮ ਦੀ ਆਵਾਜ ਧੀਮੀ ਰੱਖੀ ਜਾਵੇ ਤਾਂ ਜ਼ੋ ਪ੍ਰੀਖਿਆਂ ਦੇ ਦਿਨਾਂ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਪੇਪਰਾਂ ਦੀ ਤਿਆਰੀ ਕਰਨ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। Author: Malout Live