ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਕੀਤਾ ਗਿਆ ਆਯੋਜਨ

ਮਲੋਟ:- ਡਾ.ਸੁਖਦੇਵ ਸਿੰਘ ਸਿੱਧੂ ਡਾਇਰੈਕਟਰ ਖੇਤੀਬਾੜੀ ਕਿਸਾਨ ਅਤੇ ਭਲਾਈ ਵਿਭਾਗ ਪੰਜਾਬ ਅਤੇ ਹਰਪ੍ਰੀਤ ਸਿੰਘ ਸੂਦਨ ਆਈ.ਏ.ਐੱਸ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਯੋਗ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਚਰਨਜੀਤ ਸਿੰਘ ਕੈਂਥ ਮੁੱਖ ਖੇਤੀਬਾੜੀ ਅਫਸਰ, ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਹਾੜੀ 2021-22 ਦੀਆਂ ਫਸਲਾਂ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਗਰੀਨ ਸੀ ਰਿਜ਼ੋਰਟ, ਮੁਕਤਸਰ ਬਠਿੰਡਾ ਰੋਡ ਨੇੜੇ ਐੱਸ.ਐੱਸ.ਪੀ ਦਫਤਰ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਜ਼ਿਲੇ ਦੇ ਵੱਖ ਵੱਖ ਪਿੰਡਾਂ ਵਿੱਚੋਂ ਲਗਭਗ 350 ਅਗਾਂਹਵਧੂ ਕਿਸਾਨਾਂ ਨੇ ਭਾਗ ਲੈ ਕੇ ਖੇਤੀ ਨਾਲ ਸੰਬੰਧਤ ਵੱਖ ਵੱਖ ਵਿਸ਼ਿਆਂ ਤੇ ਖੇਤੀ ਮਾਹਿਰਾਂ ਵੱਲੋਂ ਖੇਤੀ ਵਿਕਾਸ ਸੰਬੰਧੀ ਤਕਨੀਕੀ ਜਾਣਕਾਰੀ ਪ੍ਰਾਪਤ ਕੀਤੀ। ਇਸ ਕੈਂਪ ਦਾ ਉਦਘਾਟਨ ਅਗਾਂਹਵਧੂ ਕਿਸਾਨ ਹਜ਼ੂਰ ਸਿੰਘ ਪੁੱਤਰ ਲਾਭ ਸਿੰਘ ਪਿੰਡ ਦੋਦਾ ਜਿਸ ਵੱਲੋਂ ਪਿਛਲੇ 4 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ, ਵੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਰਾਜਦੀਪ ਕੌਰ, ਪੀ.ਸੀ.ਐੱਸ ਵਧੀਕ ਡਿਪਟੀ ਕਮਿਸ਼ਨਰ(ਜ਼) ਸ਼੍ਰੀ ਮੁਕਤਸਰ ਸਾਹਿਬ ਅਤੇ ਡਾ. ਗੁਰਵਿੰਦਰ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ, ਪੰਜਾਬ ਦੀ ਹਾਜ਼ਰੀ ਸਮੇਂ ਕੀਤਾ ਗਿਆ।

ਇਸ ਕੈਂਪ ਦੀ ਪ੍ਰਧਾਨਗੀ ਡਾ. ਗੁਰਵਿੰਦਰ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ ਕਿਸਾਨ ਅਤੇ ਭਲਾਈ ਵਿਭਾਗ ਪੰਜਾਬ ਵੱਲੋਂ ਕੀਤੀ ਗਈ। ਇਸ ਕੈਂਪ ਦੌਰਾਨ ਰਾਜਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਜ਼ਨਰਲ) ਵੱਲੋਂ ਆਪਣੇ ਭਾਸ਼ਣ ਦੌਰਾਨ ਸੰਬੋਧਨ ਕਰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਪੰਜਾਬ ਸਰਕਾਰ/ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਤਾਲਮੇਲ ਕਰਕੇ ਇਸ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ। ਉਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਜ਼ਿਲ੍ਹੇ ਵਿੱਚ 6 ਬਾਇਓਮਾਸ ਪਲਾਂਟ ਚੱਲ ਰਹੇ ਹਨ। ਇਨਾਂ ਪਲਾਂਟਾਂ ਨਾਲ ਤਾਲਮੇਲ ਕਰਕੇ ਪਰਾਲੀ ਦਾ ਪ੍ਰਬੰਧਨ ਕੀਤਾ ਜਾਵੇ। ਕੈਂਪ ਦੌਰਾਨ ਪੀ.ਏ.ਯੂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਗੋਨਿਆਣਾ ਤੋਂ ਆਏ ਵੱਖ-2 ਮਾਹਿਰਾਂ ਵੱਲੋਂ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ, ਮਿੱਟੀ ਪਾਣੀ ਪਰਖ਼ ਅਤੇ ਸਹਾਇਕ ਧੰਦੇ ਮਧੂ ਮੱਖੀ ਪਾਲਣ, ਪਸ਼ੂ ਪਾਲਣ, ਡੇਅਰੀ ਅਤੇ ਸਬਜ਼ੀਆਂ ਅਤੇ ਬਾਗਾਂ ਦੀ ਕਾਸ਼ਤ ਆਦਿ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਕੈਂਪ ਦੌਰਾਨ ਖੇਤੀ ਨਾਲ ਜੁੜੇ ਵਿਭਾਗਾਂ ਜਿਵੇਂ ਬਾਗਬਾਨੀ, ਜੰਗਲਾਤ, ਮਾਰਕਫੈਡ, ਕੇ.ਵੀ.ਕੇ., ਹੈਲਥ ਵਿਭਾਗ ਆਦਿ ਵਿਭਾਗਾਂ ਵੱਲੋਂ ਆਪਣੇ ਵਿਭਾਗ ਦੀਆਂ ਗਤੀਵਿਧੀਆਂ ਨੂੰ ਦਰਸਾਉਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਤੋਂ ਇਲਾਵਾ ਵਿਭਾਗ ਵੱਲੋਂ ਕੈਂਪ ਦੌਰਾਨ ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਵਿਚ ਯੋਗਦਾਨ ਪਾਉਣ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਵੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਈ ਖੇਤ ਐਪ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਵੱਖ-2 ਸਕੂਲਾਂ ਦੇ ਬੱਚਿਆਂ ਵੱਲੋਂ ਵੀ ਕਵਿਤਾਵਾਂ ਰਾਹੀਂ ਵੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਪ੍ਰੇਰਿਤ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਇਨਾਂ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨੁਮਾਇੰਦੇ ਕੁਲਵੰਤ ਸਿੰਘ ਉੱਪਲ ਵੱਲੋਂ ਆਮ ਪਬਲਿਕ ਨੂੰ ਆਮ ਪਬਲਿਕ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਪ੍ਰਤੀ ਜਾਣਕਾਰੀ ਦਿੱਤੀ ਗਈ। ਡਾ. ਗੁਰਵਿੰਦਰ ਸਿੰਘ, ਸੰਯੁਕਤ ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਆਪਣੇ ਭਾਸ਼ਣ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਹਾੜੀ 2021-22 ਦੌਰਾਨ ਖਾਦਾਂ, ਬੀਜ਼ਾਂ ਅਤੇ ਕੀੜੇਮਾਰ ਦਵਾਈਆਂ ਦੇ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਦੌਰਾਨ ਕਿਸੇ ਕਿਸਮ ਦੇ ਖੇਤੀ ਇਨਪੁਟਸ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਜੇਕਰ ਫਿਰ ਵੀ ਕਿਸੇ ਕਿਸਾਨ ਨੂੰ ਖਾਦਾਂ ਦੀ ਖਰੀਦ ਸੰਬੰਧੀ ਕਿਸੇ ਤਰਾਂ ਦੀ ਮੁਸ਼ਕਿਲ ਪੇਸ਼ ਆਉਦੀ ਹੈ ਤਾਂ ਤੁਰੰਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਕੈਂਪ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ/ ਕਰਮਚਾਰੀ ਮੌਜ਼ੂਦ ਰਹੇ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਮੂਹ ਕਿਸਾਨਾਂ ਦਾ ਕੈਂਪ ਵਿਚ ਭਾਗ ਲੈਣ ਤੇ ਧੰਨਵਾਦ ਕੀਤਾ ਗਿਆ। ਜ਼ਿਲਾ ਪੱਧਰ ਦਾ ਇਹ ਕਿਸਾਨ ਸਿਖ਼ਲਾਈ ਕੈਂਪ ਆਤਮਾ ਸਕੀਮ ਅਧੀਨ ਲਗਾਇਆ ਗਿਆ।