ਸਿਹਤ ਵਿਭਾਗ ਵੱਲੋਂ ਨਸਬੰਦੀ ਪੰਦਰਵਾੜੇ ਮਨਾਉਣ ਸੰਬੰਧੀ ਮੀਟਿੰਗ ਦਾ ਆਯੋਜਨ- ਡਾ. ਰੰਜੂ ਸਿੰਗਲਾ ਸਿਵਲ ਸਰਜਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 21 ਨਵੰਬਰ ਤੋਂ 04 ਦਸੰਬਰ ਤੱਕ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਨੂੰ ਮਨਾਉਣ ਲਈ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹੇ ਦੇ ਮਲਟੀਪਰਪਜ਼ ਹੈਲਥ ਸੁਪਰਵਾਇਜ਼ਰ ਮੇਲ ਅਤੇ ਆਸ਼ਾ ਫਸਿਲੀਟੇਟਰਾਂ ਦੀ ਮੀਟਿੰਗ ਦਾ ਆਯੋਜਨ ਕੀਤਾ। ਮੀਟਿੰਗ ਦੌਰਾਨ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਦੱਸਿਆ ਕਿ ਇਸ ਪੰਦਰਵਾੜੇ ਦਾ ਮਕਸਦ ਵੱਧਦੀ ਆਬਾਦੀ ਨੂੰ ਕਾਬੂ ਕਰਨ ਲਈ ਸੀਮਿਤ ਪਰਿਵਾਰ ਰੱਖਣਾ ਹੈ।
ਇਸ ਦੌਰਾਨ ਪਹਿਲੇ ਹਫ਼ਤੇ ਮਿਤੀ 21 ਤੋਂ 27 ਨਵੰਬਰ ਤੱਕ ਸਿਹਤ ਮੁਲਾਜ਼ਮ ਘਰ-ਘਰ ਜਾ ਕੇ ਲੋਕਾਂ ਨੂੰ ਸੀਮਿਤ ਪਰਿਵਾਰ ਰੱਖਣ ਦੇ ਫਾਇਦਿਆਂ ਅਤੇ ਪਰਿਵਾਰ ਨਿਯੋਜਨ ਲਈ ਉਪਲੱਬਧ ਸਾਧਨਾਂ ਬਾਰੇ ਜਾਣਕਾਰੀ ਦੇਣਗੇ ਅਤੇ ਦੂਜੇ ਹਫ਼ਤੇ ਮਿਤੀ 28 ਨਵੰਬਰ ਤੋਂ 04 ਦਸੰਬਰ ਤੱਕ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਸਪੈਸ਼ਲ ਚੀਰਾ ਰਹਿਤ ਨਸਬੰਦੀ ਦੇ ਕੈਂਪ ਲਗਾਏ ਜਾਣਗੇ, ਜਿੱਥੇ ਕਿ ਨਸਬੰਦੀ ਆਪ੍ਰੇਸ਼ਨ ਪਹਿਲ ਦੇ ਅਧਾਰ ਤੇ ਮੁਫ਼ਤ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਸ਼ਿਵਪਾਲ ਸਿੰਘ ਡੀ.ਸੀ.ਐੱਮ. ਸੁਖਮੰਦਰ ਸਿੰਘ, ਗੁਰਚਰਨ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਭਗਵਾਨ ਦਾਸ ਅਤੇ ਲਾਲ ਚੰਦ ਹੈੱਲਥ ਇੰਸਪੈਕਟਰ ਹਾਜ਼ਿਰ ਸਨ। Author: Malout Live