ਮਲੋਟ-ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਚਿਰਕੋਣੀ ਮੰਗ ਨੂੰ ਪਇਆ ਬੂਰ, 152 ਕਰੋੜ ਰੁਪਏ ਦੀ ਲਾਗਤ ਨਾਲ 18 ਮਹੀਨੇ ਵਿੱਚ ਰੋਡ ਬਣ ਕੇ ਹੋ ਜਾਵੇਗੀ ਤਿਆਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵੱਡੀ ਪਹਿਲ ਕਦਮੀ ਤਹਿਤ ਮਲੋਟ-ਸ਼੍ਰੀ ਮੁਕਤਸਰ ਸਾਹਿਬ ਸੜਕ ਨੂੰ ਚੌੜਾ ਕਰਨ ਅਤੇ ਇਸਦੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਅੱਜ ਰੱਖਿਆ ਜਾ ਰਿਹਾ ਹੈ। ਇਹ ਜਾਣਕਾਰੀ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਦਿੱਤੀ ਹੈ। ਇਹ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਮੁੱਖ ਸੜਕ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਇਹ ਸੜਕ ਬੇਹੱਦ ਖਸਤਾ ਹਾਲ ਸੀ ਅਤੇ ਨਾ ਕੇਵਲ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੋਕ ਸਗੋਂ ਇਸ ਮਾਰਗ ਰਾਹੀਂ ਜਾਣ ਵਾਲੇ ਹੋਰ ਲੋਕ ਵੀ ਇਸ ਸੜਕ ਦੇ ਨਾ ਬਣਨ ਕਾਰਨ ਪ੍ਰੇਸ਼ਾਨ ਸਨ। ਪਰ ਪੰਜਾਬ ਸਰਕਾਰ ਨੇ ਇੱਕ-ਇੱਕ ਕਰਕੇ ਇਸ ਸੜਕ ਵਿੱਚ ਆ ਰਹੇ ਅੜਿੱਕੇ ਦੂਰ ਕਰਕੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਦਾ ਸ਼ੁੱਭ ਦਿਨ ਲੈ ਆਂਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ
ਇਹ ਕੌਮੀ ਰਾਜ ਮਾਰਗ ਨੰਬਰ 354 ਦਾ ਭਾਗ ਹੋਵੇਗਾ ਅਤੇ ਇਸਦੀ ਕੁੱਲ ਲਾਗਤ 152.58 ਕਰੋੜ ਰੁਪਏ ਹੋਵੇਗੀ। ਇਸਦੀ ਕੁੱਲ ਲੰਬਾਈ 27.660 ਕਿਲੋਮੀਟਰ ਹੋਵੇਗੀ ਅਤੇ ਦਿਹਾਤੀ ਖੇਤਰਾਂ ਵਿਚ ਇਸਦੀ ਚੌੜਾਈ 10 ਮੀਟਰ ਅਤੇ ਬਿਲਡ ਅੱਪ ਖੇਤਰਾਂ ਵਿਚ 12 ਮੀਟਰ ਹੋਵੇਗੀ। ਨਿਰਮਾਣ ਕਰਨ ਲਈ ਕੰਮ ਦੀ ਅਲਾਟਮੈਂਟ ਹੋ ਗਈ ਹੈ ਅਤੇ ਨਿਰਮਾਣ ਲਈ ਲੋੜੀਂਦੇ ਸਮਾਨ ਦੀ ਵੀ ਵਿਵਸਥਾ ਕਰ ਲਈ ਗਈ ਹੈ। ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਜ਼ਿਲ੍ਹੇ ਦੇ ਲੋਕ ਅਤੇ ਖਾਸ ਕਰਕੇ ਮਲੋਟ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਇਸ ਸੜਕ ਦੇ ਕੰਮ ਦੀ ਸ਼ੁਰੂਆਤ ਹੋਣ ਦੀ ਉਡੀਕ ਕਰ ਰਹੇ ਸਨ ਅਤੇ ਹੁਣ ਉਹ ਦਿਨ ਆ ਗਿਆ ਹੈ ਅੱਜ ਸਵੇਰੇ 11 ਵਜੇ PWD ਦਫ਼ਤਰ ਮਲੋਟ ਵਿਖੇ ਹੋਣ ਵਾਲੇ ਸਮਾਗਮ ਦੌਰਾਨ ਇਸ ਮਹੱਤਵਪੂਰਨ ਪ੍ਰੋਜੈਕਟ ਦੇ ਕੰਮ ਦੀ ਸ਼ੁਰੂਆਤ ਕਰਵਾਈ ਜਾਵੇਗੀ। ਉਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਵੀ ਇਸ ਸ਼ੁੱਭ ਮੌਕੇ ਤੇ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਹੈ। Author; Malout Live