ਫਰੀਡਮ ਫਾਈਟਰ ਉੱਤਰਾਧਿਕਾਰੀ ਜੱਥੇਬੰਦੀ ਨੇ ਮਹੀਨਾਵਾਰ ਮੀਟਿੰਗ ਵਿੱਚ ਦੇਸ਼ ਭਗਤ ਪਰਿਵਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਕੀਤਾ ਵਿਚਾਰਾ-ਵਟਾਂਦਰਾ
ਮਲੋਟ: ਫਰੀਡਮ ਫਾਈਟਰ ਉੱਤਰਾਧਿਕਾਰੀ ਜੱਥੇਬੰਦੀ ਸ਼੍ਰੀ ਮੁਕਤਸਰ ਦੀ ਮਹੀਨਾਵਾਰ ਮੀਟਿੰਗ ਡੀ.ਸੀ ਦਫ਼ਤਰ ਦੇ ਮੀਟਿੰਗ ਹਾਲ 'ਚ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲੋਟ ਦੀ ਅਗਵਾਈ ਹੇਠ ਹੋਈ। ਮੀਟਿੰਗ 'ਚ ਦੇਸ਼ ਭਗਤ ਪਰਿਵਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰਾ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ 'ਤੇ ਰੋਸ ਪ੍ਰਗਟ ਕਰਦਿਆਂ ਨਿਰਮਲ ਸਿੰਘ ਮਲੋਟ ਨੇ ਕਿਹਾ ਕਿ ਐੱਮ.ਏ ਬਰਾਂਚ ਵੱਲੋਂ ਪੱਤਰ ਨੰ: 11099-11102 ਰਾਹੀਂ 4 ਅਕਤੂਬਰ ਨੂੰ ਹਦਾਇਤ ਕੀਤੀ ਗਈ ਸੀ ਕਿ ਹਰ ਮਹੀਨੇ ਦੇ ਦੂਜੇ ਬੁੱਧਵਾਰ ਨੂੰ ਮੀਟਿੰਗ ਕਰਕੇ ਦੇਸ਼ ਭਗਤ ਪਰਿਵਾਰਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ ਮੌਕੇ 'ਤੇ ਹੱਲ ਕੀਤਾ ਜਾਵੇਗਾ, ਪਰ ਜਿਨ੍ਹਾਂ ਬਜ਼ੁਰਗਾਂ ਦੀਆਂ ਕੁਰਬਾਨੀਆਂ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਕੁਰਸੀਆਂ ਦਾ ਨਿੱਘ ਮਾਣ ਰਿਹਾ ਹੈ,
ਉਨ੍ਹਾਂ ਦੇਸ਼ ਭਗਤ ਪਰਿਵਾਰਾਂ ਨਾਲ ਮੀਟਿੰਗ ਕਰਨ ਦਾ ਪ੍ਰਸ਼ਾਸਨ ਕੋਲ ਵਕਤ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦਸੰਬਰ ਮਹੀਨੇ 'ਚ ਦੇਸ਼ ਭਗਤ ਪਰਿਵਾਰਾਂ ਨੂੰ ਮੀਟਿੰਗ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੱਦਾ ਨਾ ਭੇਜਿਆ ਗਿਆ, ਤਾਂ ਜੱਥੇਬੰਦੀ ਸੰਘਰਸ਼ ਦੇ ਰਾਹ 'ਤੇ ਤੁਰਨ ਲਈ ਮਜ਼ਬੂਰ ਹੋਵੇਗੀ, ਜਿਸ 'ਚ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਸੰਧੂ, ਜਰਨਲ ਸਕੱਤਰ ਬਲਜਿੰਦਰ ਸਿੰਘ ਮਧੀਰ, ਸਕੱਤਰ ਸੁਬਾਸ਼ ਬੱਬਰ, ਖ਼ਜ਼ਾਨਚੀ ਕੁਲਵੰਤ ਸਿੰਘ ਭਲਾਈਆਣਾ, ਦਫ਼ਤਰ ਇੰਚਾਰਜ ਅਮਰਜੀਤ ਬਾਵਾ, ਜਸਕਰਨ ਸਿੰਘ ਜੱਸੇਆਣਾ, ਕੇਸਰ ਸਿੰਘ, ਜਗਸੀਰ ਸਿੰਘ ਅਤੇ ਗੁਰਤੇਜ ਸਿੰਘ ਮਲੋਟ ਆਦਿ ਹਾਜ਼ਿਰ ਸਨ। Author: Malout Live