ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿੱਚ ਕਰਵਾਇਆ ਗਿਆ ਸਲਾਨਾ ਇਨਾਮ ਵੰਡ ਸਮਾਰੌਹ

ਮਲੋਟ: ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿੱਚ ਸਾਲਾਨਾ ਇਨਾਮ ਵੰਡ ਸਮਾਰੌਹ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਆਰੰਭ ਸਕੂਲ ਦੀ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਅਤੇ ਮੁੱਖ ਮਹਿਮਾਨ 'ਕੇਨਵੇ ਕਾਲਜ ਆਫ਼ ਐਜੂਕੇਸ਼ਨ' ਕਾਲਜ ਦੀ ਪ੍ਰਿੰਸੀਪਲ ਡਾ. ਸੁਸ਼ੀਲਾ ਨਾਰੰਗ ਦੁਆਰਾ ਜੋਤੀ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਰੰਗ-ਮੰਚ ਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਨਾਚ ਅਤੇ ਨਾਟਕ ਜਿਵੇਂ ਕਿ ਕ੍ਰਿਸ਼ਨ ਲੀਲਾ, ਸਟੋਪ ਪਲਾਸਟਿਕ ਯੂਜ਼, ਬਾਲ ਮਜ਼ਦੂਰੀ, ਪੰਜਾਬੀ ਨਾਚ ਗਿੱਧਾ, ਸਮੀ, ਭੰਗੜਾ, ਕਲਾਸੀਕਲ ਅਤੇ ਗੁਜਰਾਤੀ ਡਾਂਸ ਆਦਿ ਪੇਸ਼ ਕੀਤੇ। ਇਸ ਪ੍ਰੋਗਰਾਮ ਵਿੱਚ ਮੁੱਖ ਖਿੱਚ ਦਾ ਕੇਂਦਰ 'ਹਾਸਰਸ ਚੁਣਾਵ' ਕੋਰੀਓਗ੍ਰਾਫੀ ਅਤੇ ਨਾਟਕ 'ਬੇਟੀ ਪੜ੍ਹਾਓ, ਬੇਟੀ ਬਚਾਓ' ਨੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕਰ ਦਿੱਤਾ। ਇਸ ਦੌਰਾਨ ਉੱਥੇ ਮੌਜੂਦ ਮਾਪਿਆਂ ਅਤੇ ਅਧਿਆਪਕਾਂ ਨੇ ਤਾੜੀਆਂ ਵਜਾ ਕੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ।

ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਵੱਲੋਂ ਪਿਛਲੇ ਸਾਲ ਦੀ ਸਟੇਟ ਵਿੱਚੋਂ ਅੱਠਵਾਂ, ਜ਼ਿਲ੍ਹੇ ਵਿੱਚੋਂ ਚੌਥਾ ਅਤੇ ਮਲੋਟ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਮੈਰਿਟ ਹੋਲਡਰ ਦਿਲਕਸ਼ ਸਪੁੱਤਰੀ ਰਾਕੇਸ਼ ਕੁਮਾਰ ਤੇ ਹੋਰ ਵਿਦਿਆਰਥੀਆਂ ਨੂੰ ਸੰਮ੍ਰਿਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਅਕੈਡਮਿਕ ਪ੍ਰਾਪਤੀਆਂ ਲਈ ਪ੍ਰੈਜੀਡੈਂਟ ਐਵਾਰਡ ਨਾਲ ਸਨਮਾਨਿਤ ਕੀਤਾ।ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਨੇ ਸਮੂਹ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਸਾਲਾਂ ਵਿੱਚ ਆਏ ਕੋਵਿਡ ਦੇ ਕਾਰਨ ਵਿਦਿਆਰਥੀਆਂ ਵਿਚ ਨੈਤਿਕ ਗੁਣਾਂ ਦਾ ਪਤਨ ਹੋ ਗਿਆ ਹੈ ਅਤੇ ਬਹੁਤ ਸਾਰੇ ਵਿਦਿਆਰਥੀ ਨਸ਼ਿਆਂ ਵੱਲ ਚੱਲ ਪਏ ਹਨ। ਉਹਨਾਂ ਨੂੰ ਉਸ ਰਸਤੇ ਤੋਂ ਮੋੜਨ ਅਤੇ ਉਹਨਾਂ ਵਿੱਚ ਨੈਤਿਕ ਗੁਣਾਂ ਦਾ ਪ੍ਰਸਾਰ ਕਰਨ ਲਈ ਵਿਦਿਆਰਥੀਆਂ ਦੇ ਮਾਤਾ-ਪਿਤਾ ਸਕੂਲ ਨੂੰ ਪੂਰਨ ਸਹਿਯੋਗ ਦੇਣ ਤਾਂ ਜੋ ਉਨ੍ਹਾਂ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਦੇ ਨਾਲ ਹੀ ਉਹਨਾਂ ਨੇ ਬਾਹਰੋਂ ਆਏ ਮੁੱਖ ਅਤਿਥੀਆਂ, ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦੇ ਠੀਕ ਢੰਗ ਨਾਲ ਸੰਪੂਰਨ ਹੋਣ ਤੇ ਸੰਸਥਾ ਦੇ ਪ੍ਰਧਾਨ ਸ਼੍ਰੀ ਰਜਿੰਦਰ ਗਰਗ ਤੇ ਮੈਨੇਜਰ ਸ਼੍ਰੀ ਵਿਕਾਸ ਗੋਇਲ ਨੇ ਸਭ ਨੂੰ ਵਧਾਈ ਦਿੱਤੀ। Author: Malout Live