ਸਿਹਤ ਵਿਭਾਗ ਵੱਲੋਂ “ਟੈਲੀ ਮਾਨਸ ਪੰਜਾਬ ਪ੍ਰੋਗਰਾਮ” ਅਧੀਨ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਬੈਨਰ ਅਤੇ ਪੋਸਟਰ ਕੀਤੇ ਗਏ ਜਾਰੀ

ਮਲੋਟ (ਸ਼੍ਰੀ ਮੁੁਕਤਸਰ ਸਾਹਿਬ): ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਟੈਲੀ ਮਾਨਸ ਪੰਜਾਬ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਸੰਬੰਧੀ ਸਿਹਤ ਵਿਭਾਗ ਵੱਲੋਂ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਡਾ. ਰੀਟਾ ਬਾਲਾ ਸਿਵਲ ਸਰਜਨ ਦੀ ਯੋਗ ਅਗਵਾਈ ਵਿੱਚ ਬੈਨਰ ਅਤੇ ਪੋਸਟਰ ਜਾਰੀ ਕੀਤੇ ਗਏ। ਬੈਨਰ ਅਤੇ ਪੋਸਟਰ ਜਾਰੀ ਕਰਦੇ ਹੋਏ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਮਾਨਸਿਕ ਰੋਗਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਲੋਕਾਂ ਦੇ ਬਿਮਾਰ ਹੋਣ ਦੇ ਨਾਲ-ਨਾਲ ਆਤਮ ਹੱਤਿਆਂ ਵੀ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਨਸਿਕ ਰੋਗਾਂ ਸੰਬੰਧੀ ਜਾਣਕਾਰੀ ਦੇਣ ਲਈ ਮਾਨਸਿਕ ਸਿਹਤ ਪ੍ਰੋਗਰਾਮ ਅਧੀਨ ਪੰਜਾਬ ਸਰਕਾਰ ਵੱਲੋਂ ਟੈਲੀ ਮਾਨਸ ਪੰਜਾਬ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਜਿਸ ਅਧੀਨ ਅਸੀਂ ਟੋਲਫਰੀ ਨੰਬਰ 14416 ਤੇ ਕਾਲ ਕਰਕੇ ਆਪਣੇ ਮਾਨਸਿਕ ਰੋਗਾਂ ਬਾਰੇ ਅਤੇ ਉਨ੍ਹਾਂ ਦੇ ਇਲਾਜ ਬਾਰੇ ਮੁਫਤ ਜਾਣਕਾਰੀ ਹਾਸਿਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮਾਨਸਿਕ ਰੋਗਾਂ ਨੂੰ ਛੁਪਾਉਣਾ ਨਹੀ ਚਾਹੀਦਾ।

ਸਗੋਂ ਇਨ੍ਹਾ ਬਾਰੇ ਦੱਸ ਕੇ ਮਾਹਿਰ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਡਾ. ਬੰਦਨਾ ਬਾਂਸਲ ਡੀ.ਐੱਮ.ਸੀ ਨੇ ਕਿਹਾ ਕਿ ਮਾਨਸਿਕ ਬਿਮਾਰੀ ਤੋਂ ਪੀੜਿਤ ਲੋਕ ਸੰਸਾਰ ਦੇ ਹਰੇਕ ਦੇਸ ਵਿੱਚ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਹਸਪਤਾਲਾਂ ਵਿੱਚ ਮਾਨਸਿਕ ਰੋਗਾਂ ਦੀਆਂ ਦਵਾਈਆਂ ਮੁਫਤ ਉਪਲੱਬਧ ਹਨ। ਸਾਨੂੰ ਆਪਣੇ ਬੱਚਿਆ ਅਤੇ ਪਰਿਵਾਰ ਨੂੰ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਹੈ, ਤਾਂ ਜੋ ਉਹਨਾਂ ਨੂੰ ਇਸ ਤਰ੍ਹਾਂ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮਾਨਸਿਕ ਰੋਗਾਂ ਦਾ ਮੁੱਖ ਕਾਰਣ ਮਾੜੀ ਸਿਹਤ,ਘਰਾਂ ਵਿੱਚ ਵੱਧ ਰਹੀਆਂ ਲੜਾਈਆਂ,ਨਸ਼ਾ,ਘੱਟ ਸੋਣਾ,ਮਾੜੀ ਸੰਗਤ ਆਦਿ ਹਨ। ਉਨ੍ਹਾਂ ਕਿਹਾ ਕਿ ਉਦਾਸੀ,ਚਿੰਤਾ,ਨੀਂਦ ਵਿੱਚ ਪਰੇਸ਼ਾਨੀ,ਤਣਾਅ,ਵਹਿਮ ਭਰਮ ਆਪਣੇ ਆਪ ਨੂੰ ਮਾਰਨ ਦੇ ਚਾਰ ਆਉਣੇ ਮਾਨਸਿਕ ਰੋਗ ਹੋ ਸਕਦੇ ਹਨ। ਇਸ ਮੌਕੇ ਸ. ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਨੇ ਕਿਹਾ ਕਿ ਕਿ ਡਿਪਰੈਸ਼ਨ (ਉਦਾਸੀ ਰੋਗ) ਨੂੰ ਛੁਪਾਉਣਾ ਨਹੀ ਚਾਹੀਦਾ। ਇਸ ਸੰਬੰਧੀ ਸਕੇ ਸੰਬੰਧੀਆਂ ਨਾਲ ਗੱਲਬਾਤ ਕਰਕੇ ਇਸ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਦਾਸੀ ਰੋਗਾਂ ਸੰਬੰਧੀ ਵਹਿਮਾਂ ਭਰਮਾ ਤੋਂ ਬਚੋ, ਅਗਿਆਨਤਾ ਅਤੇ ਅੰਧ-ਵਿਸ਼ਵਾਸ ਚੋਂ ਆਪ ਬਾਹਰ ਨਿਕਲੋ ਅਤੇ ਆਪਣੇ ਪਰਿਵਾਰ ਨੂੰ ਅਸਲੀਅਤ ਦੱਸੋ। ਇਸ ਮੌਕੇ ਦੀਪਕ ਕੁਮਾਰ ਡੀ.ਪੀ.ਐੱਮ,ਸ਼ਿਵਪਾਲ ਸਿੰਘ ਡੀ.ਸੀ.ਐੱਮ,ਭੁਪਿੰਦਰ ਸਿੰਘ ਸਟੈਨੋ ਆਦਿ ਹਾਜ਼ਰ ਸਨ। Author: Malout Live