ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਲਗਾਤਾਰ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਕੀਤਾ ਜਾ ਰਿਹਾ ਹੈ ਜਾਗਰੂਕ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮੁੱਖ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਭੁਪਿੰਦਰ ਕੁਮਾਰ ਬਲਾਕ ਖੇਤੀਬਾੜੀ ਅਫ਼ਸਰ ਗਿੱਦੜਬਾਹਾ ਦੀ ਅਗਵਾਈ ਵਿੱਚ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਲਗਾਤਾਰ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਲੜੀ ਤਹਿਤ ਬਲਾਕ ਗਿੱਦੜਬਾਹਾ ਦੇ ਪਿੰਡ ਸ਼ੇਖ, ਰੁਖਾਲਾ ਅਤੇ ਮਧੀਰ ਵਿਖੇ ਲੜੀਵਾਰ ਕੈਂਪ ਲਗਾਏ ਗਏ। ਇਹਨਾਂ ਕੈਂਪਾਂ ਦੌਰਾਨ ਡਾ. ਜਗਤਾਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਦੱਸਿਆ ਕਿ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਤੋਂ ਡਰਨ ਦੀ ਲੋੜ ਨਹੀਂ ਹੈ, ਬਲਕਿ ਬਚਾਅ ਲਈ ਰੋਜ਼ਾਨਾ ਲਗਾਤਾਰ ਖੇਤਾਂ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਖੇਤੀਬਾੜੀ ਵਿਭਾਗ ਦੀ ਸਰਕਲ ਮਧੀਰ ਦੀ ਟੀਮ ਵੱਲੋਂ ਹਰ ਮੰਗਲਵਾਰ ਅਤੇ ਵੀਰਵਾਰ ਨਰਮੇ ਵਾਲੇ ਖੇਤਾਂ ਦਾ ਸਰਵੇ ਕੀਤਾ ਜਾ ਰਿਹਾ ਹੈ।

ਇਸ ਸਰਵੇ ਦੌਰਾਨ ਹਾਲੇ ਤੱਕ ਕਿਸੇ ਵੀ ਖੇਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਨਹੀਂ ਪਾਇਆ ਗਿਆ। ਜੇਕਰ ਕਿਸੇ ਵੀ ਕਿਸਾਨ ਦੇ ਖੇਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਪਾਇਆ ਜਾਂਦਾ ਹੈ ਤਾਂ ਤੁਰੰਤ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕੀਤਾ ਜਾਵੇ। ਉਹਨਾਂ ਦੱਸਿਆ ਕਿ ਨਰਮੇ ਤੇ ਸ਼ੁਰੂਆਤੀ ਸਪਰੇਆਂ ਸਿਰਫ ਨਿੰਮ ਦੇ ਘੋਲ ਦੀਆਂ ਹੀ ਕੀਤੀਆਂ ਜਾਣ। ਇਸ ਤੋ ਇਲਾਵਾ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ, ਜਿਸ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਰਜਿਸਟ੍ਰੇਸ਼ਨ, ਪਰਾਲੀ ਨੂੰ ਖੇਤ ਵਿੱਚ ਵਾਹੁਣ ਵਾਲੇ ਸੰਦਾਂ ਉੱਪਰ ਚਲ ਰਹੀ ਸਬਸਿਡੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਕੈਂਪ ਲਗਾਉਣ ਉਪਰੰਤ ਨਰਮੇ ਵਾਲੇ ਖੇਤਾਂ ਵਿੱਚ ਜਾ ਕੇ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਦਾ ਜਾਇਜਾ ਸੰਬੰਧਿਤ ਕਿਸਾਨਾਂ ਦੀ ਹਾਜ਼ਰੀ ਵਿੱਚ ਲਿਆ ਗਿਆ। ਇਸ ਮੌਕੇ ਸ਼੍ਰੀ ਜਗਪ੍ਰੀਤ ਸਿੰਘ ਏ.ਟੀ.ਐੱਮ, ਸ਼੍ਰੀ ਗੁਰਭੇਜ ਸਿੰਘ ਫੀਲਡਮੈਨ ਅਤੇ ਸੰਬੰਧਿਤ ਪਿੰਡਾਂ ਦੇ ਕਿਸਾਨ ਮਿੱਤਰ ਵੀ ਹਾਜ਼ਿਰ ਸਨ। Author: Malout Live