ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਨੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਭਾਈਚਾਰੇ ਦੀਆਂ ਸੁਣੀਆਂ ਸ਼ਿਕਾਇਤਾਂ

ਮਲੋਟ:- ਅਨੁਸੂਚਿਤ ਜਾਤੀ ਦੇ ਲੋਕਾਂ ਤੇ ਹੋਣ ਵਾਲੇ ਅਤਿਆਚਾਰਾਂ ਅਤੇ ਜਿ਼ਆਦਤੀਆਂ ਨੂੰ ਰੋਕਣ ਲਈ ਐਸ.ਸੀ ਕਮਿਸ਼ਨ ਪੰਜਾਬ ਵੱਲੋਂ ਜਲਦੀ ਇਨਸਾਫ ਦੁਆਇਆ ਜਾ ਰਿਹਾ ਹੈ ਅਤੇ ਜਿ਼ਆਦਤੀਆਂ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਸ਼੍ਰੀ ਰਾਜ ਕੁਮਾਰ ਹੰਸ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਨੇ ਅੱਜ ਦਫਤਰ ਡਿਪਟੀ ਕਮਿਸ਼ਨਰ ਵਿਖੇ ਅਨੁਸੂਚਿਤ ਜਾਤੀ ਦੇ ਪ੍ਰਾਰਥੀਆਂ ਦੀਆਂ ਅਰਜੀਆਂ ਦੀ ਸੁਣਵਾਈ ਕਰਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।

ਸ਼੍ਰੀ ਹੰਸ ਨੇ ਦੱਸਿਆ ਕਿ ਐਸ.ਸੀ ਕਮਿਸ਼ਨ ਪਾਸ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਪ੍ਰਾਰਥੀਆਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾ ਦਾ ਦਿਨੋ-ਦਿਨ ਵਾਧਾ ਹੋ ਰਿਹਾ ਹੈ ਅਤੇ ਕਮਿਸ਼ਨ ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਬਹੁਤ ਜਲਦੀ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਨਾਲ ਸੰਬੰਧਿਤ ਅਨੁਸੂਚਿਤ ਜਾਤੀ ਦੇ 10 ਪ੍ਰਾਰਥੀਆਂ ਦੀਆਂ ਅਰਜ਼ੀਆਂ ਤੇ ਕਾਰਵਾਈ ਕਰਦਿਆਂ ਉਹਨਾ ਸਿਵਿਲ, ਪੁਲਿਸ ਅਤੇ ਸਿਹਤ ਵਿਭਾਗਾਂ ਦੀਆਂ ਵੱਖਰੀਆਂ-ਵੱਖਰੀਆਂ ਟੀਮਾਂ ਦਾ ਗਠਨ ਕਰਕੇ ਆਪਣੀ ਰਿਪੋਰਟ ਐਸ.ਸੀ ਕਮਿਸ਼ਨ ਪਾਸ ਪੇਸ਼ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਪੁਲਿਸ ਨਾਲ ਸੰਬੰਧਿਤ ਦੋ ਸਿ਼ਕਾਇਤਾਂ ਦਾ ਨਿਪਟਾਰਾ ਕਰਦਿਆਂ ਉਹਨਾਂ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਕੀਤੀ ਗਈ ਕਾਰਵਾਈ ਦੀ ਰਿਪੋਰਟ  28 ਅਕਤੂਬਰ ਤੱਕ ਪੇਸ਼ ਕਰਨ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਜੇਕਰ ਕੋਈ ਅਨੁਸੂਚਿਤ ਜਾਤੀ ਦੇ ਲੋਕਾਂ ਤੇ ਕਿਸੇ ਵੀ ਪ੍ਰਕਾਰ ਦਾ ਅਤਿਆਚਾਰ ਕਰਦਾ ਹੈ ਤਾਂ ਦੋਸ਼ੀਆਂ ਵਿਰੁੱਧ 24 ਘੰਟਿਆਂ ਦੇ ਅੰਦਰ ਅੰਦਰ ਐਸ.ਸੀ.ਐਸ.ਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇ। ਇਸ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਨਾਲ ਸੰਬੰਧਿਤ ਸ਼ਿਕਾਇਤਾਂ ਦਾ ਨਿਪਟਾਰਾ ਕਰਦਿਆਂ ਉਹਨਾਂ ਸੀ.ਐਮ.ਓ ਅਤੇ ਐੱਸ.ਡੀ.ਐਮ ਦੋ ਮੈਂਬਰੀ ਕਮੇਟੀ ਅਤੇ ਡੀ.ਡੀ.ਪੀ.ਓ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਦੋ ਮੈਂਬਰੀ ਕਮੇਟੀ ਦਾ ਗਠਨ ਕਰਕੇ ਇਹਨਾਂ ਨੂੰ 11 ਨਵੰਬਰ 2021 ਤੱਕ ਆਪਣੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਰੁਨ ਕੁਮਾਰ ਏ.ਡੀ.ਸੀ.ਡੀ., ਸ਼੍ਰੀਮਤੀ ਸਵਰਨਜੀਤ ਕੌਰ ਐੱਸ.ਡੀ.ਐਮ, ਡਾ.ਰੰਜੂ ਸਿੰਗਲਾ ਸਿਵਿਲ ਸਰਜਨ, ਸ਼੍ਰੀ ਜਗਮੋਹਨ ਸਿੰਘ ਮਾਨ ਜਿ਼ਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ,  ਸ਼੍ਰੀ ਅਸ਼ੋਕ ਮਹਿੰਦਰਾ ਵੀ ਮੌਜੂਦ ਸਨ।