ਪੰਜਾਬ ਸਰਕਾਰ ਵੱਲੋਂ ਪਸ਼ੂਆਂ ਦੇ ਬਚਾਅ ਲਈ 15 ਫ਼ਰਵਰੀ ਤੋਂ ਮੈਗਾ ਟੀਕਾਕਰਨ ਮੁਹਿੰਮ ਦੀ ਕੀਤੀ ਜਾਵੇਗੀ ਸ਼ੁਰੂਆਤ
ਮਲੋਟ: ਪੰਜਾਬ ਸਰਕਾਰ ਵੱਲੋਂ ਪਸ਼ੂਆਂ ਵਿੱਚ ਲੰਪੀ ਸਕਿਨ ਬੀਮਾਰੀ ਨੂੰ ਮੁੜ ਸੁਰਜੀਤ ਹੋਣ ਤੋਂ ਰੋਕਣ ਲਈ 15 ਫ਼ਰਵਰੀ 2023 ਤੋਂ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦਾ ਫੈਂਸਲਾ ਕੀਤਾ ਗਿਆ। ਪੰਜਾਬ ਭਵਨ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਮੀਖਿਆ ਬੈਠਕ ਦੌਰਾਨ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਸੂਬੇ ਵਿਚ ਲਗਭਗ 25 ਲੱਖ ਗਊਆਂ ਹਨ। ਇਸ ਲਈ ਗਊਆਂ ਦੀ 100 ਫ਼ੀਸਦੀ ਆਬਾਦੀ ਨੂੰ ਕਵਰ ਕਰਨ ਲਈ ਟੀਕਾਕਰਨ ਮੁਹਿੰਮ 15 ਫਰਵਰੀ ਤੋਂ ਸ਼ੁਰੂ ਕਰਕੇ 30 ਅਪ੍ਰੈਲ 2023 ਤੱਕ ਮੁਕੰਮਲ ਕੀਤੀ ਜਾਵੇ।
ਲੰਪੀ ਸਕਿਨ ਬੀਮਾਰੀ ਨਾਲ ਗਊਆਂ ਦੇ ਪ੍ਰਭਾਵਿਤ ਹੋਣ ਦੀ ਰਾਸ਼ਟਰੀ ਦਰ 1 ਤੋਂ 1.5 ਫ਼ੀਸਦੀ ਹੈ। ਇਸ 'ਤੇ ਕੈਬਨਿਟ ਮੰਤਰੀਆਂ ਨੇ 7 ਮੈਂਬਰੀ ਮਾਹਿਰ ਕਮੇਟੀ ਬਣਾਉਣ ਦੀ ਹਦਾਇਤ ਦਿੱਤੀ ਤਾਂ ਜੋ ਗਊਆਂ ਨੂੰ ਗੋਟ ਪਾਕਸ ਦਾ ਟੀਕਾ ਲਗਾਉਣ ਸੰਬੰਧੀ ਆਪਣੇ ਸੁਝਾਅ 10 ਦਿਨਾਂ ਦੇ ਅੰਦਰ-ਅੰਦਰ ਦੇਣ ਲਈ ਪਾਬੰਦ ਕੀਤੀ ਗਈ। ਵਿੱਤ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਬੀਮਾਰੀਆਂ ਅਤੇ ਇਹਨਾਂ ਤੋਂ ਬਚਾਅ ਬਾਰੇ ਦੱਸਣ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਜੋ ਪਸ਼ੂ ਪਾਲਕ ਆਪਣੀ ਪੱਧਰ 'ਤੇ ਵੀ ਅਹਿਤਿਆਤ ਵਰਤ ਸਕਣ। Author: Malout Live