ਮਲੋਟ ਨਿਵਾਸੀ ਡਾ.ਲੱਕੀ ਗੋਇਲ ਦੀ ਯੰਗ ਟੀਚਰ ਐਵਾਰਡ ਲਈ ਹੋਈ ਚੋਣ

ਮਲੋਟ: ਪੰਜਾਬ ਸਰਕਾਰ ਵੱਲੋਂ ਇਸ ਵਾਰ ਅਧਿਆਪਕ ਦਿਵਸ ਮੌਕੇ ਮਲੋਟ ਵਾਸੀ ਡਾ.ਲੱਕੀ ਗੋਇਲ ਲੈਕਚਰਾਰ ਫ਼ਿਜ਼ਿਕਸ, ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਤਹਿਸੀਲ ਰੋਡ ਮਲੋਟ ਨੂੰ ਯੰਗ ਟੀਚਰ ਐਵਾਰਡ ਨਾਲ ਸਨਮਾਨ ਕੀਤਾ ਜਾਵੇਗਾ। ਡਾ. ਲੱਕੀ ਗੋਇਲ ਨੂੰ ਇਹ ਐਵਾਰਡ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਵਿੱਚ ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਦਿੱਤਾ ਜਾਵੇਗਾ। ਮਲੋਟ ਦੀ ਇਸ ਅਧਿਆਪਕਾ ਨੂੰ ਯੰਗ ਟੀਚਰ ਐਵਾਰਡ ਲਈ ਚੁਣੇ ਜਾਣ ’ਤੇ ਮਲੋਟ ਇਲਾਕੇ ਦੇ ਸਮੂਹ ਅਧਿਆਪਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਇਸ ਮੌਕੇ ਜੀ.ਟੀ.ਯੂ ਦੇ ਸਾਬਕਾ ਆਗੂ ਮਾ. ਹਿੰਮਤ ਸਿੰਘ ਸਮੇਤ ਹੋਰ ਅਧਿਆਪਕ ਆਗੂਆਂ ਨੇ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਡਾ.ਲੱਕੀ ਗੋਇਲ ਦੀ ਸਾਲ 2014 ਵਿੱਚ ਫ਼ਿਜ਼ਿਕਸ ਲੈਕਚਰਾਰ ਵਜੋਂ ਸਿੱਧੀ ਭਰਤੀ ਹੋਈ ਸੀ।

ਉਨ੍ਹਾਂ ਦੀ ਪਹਿਲੀ ਪੋਸਟਿੰਗ ਪਿੰਡ ਮਾਹਣੀ ਖੇੜਾ ਦੇ ਸਕੂਲ ਵਿੱਚ ਹੋਈ। ਇਸ ਤੋਂ ਬਾਅਦ ਹੁਣ ਉਹ ਪਿਛਲੇ ਇੱਕ ਸਾਲ ਤੋਂ ਮਲੋਟ ਦੇ ਸ. ਸ. ਸ. ਸਕੂਲ (ਲੜਕੀਆਂ) ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦੇ ਹੁਣ ਤੱਕ ਦੇ ਅਧਿਆਪਕ ਕਿੱਤੇ ਦੇ ਕਾਰਜਕਾਲ ਦੌਰਾਨ ਵਿਗਿਆਨ ਨਾਲ ਸੰਬੰਧਿਤ ਉਨਾਂ ਦੀਆਂ ਗਤੀਵਿਧੀਆਂ ਦੀ ਭਰਪੂਰ ਸ਼ਲਾਘਾ ਹੋਈ ਹੈ। ਉਨ੍ਹਾਂ ਨੇ ਵਿਗਿਆਨ ਮੇਲਿਆਂ ਦੌਰਾਨ ਵਿਦਿਆਰਥੀਆਂ ਨਾਲ ਮਿਲ ਕੇ ਲਗਾਈਆਂ ਪ੍ਰਦਰਸ਼ਨੀਆਂ ਰਾਹੀਂ ਵੀ ਡੂੰਘੀ ਛਾਪ ਛੱਡੀ ਹੈ। ਉਨ੍ਹਾਂ ਦੀ ਡਿਜ਼ਾਇਨ ਕੀਤੀ ਸਿੱਖਣ ਸਮੱਗਰੀ ਨੂੰ ਵੀ ਬਹੁਤ ਸਲਾਹਿਆ ਗਿਆ ਹੈ। ਡਾ.ਲੱਕੀ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਡਾ.ਰੁਤਾਸ਼ ਮਿੱਤਲ ਮਿਮਿਟ ਮਲੋਟ ਵਿੱਚ ਪ੍ਰੋਫ਼ੈਸਰ ਹਨ ਅਤੇ ਉਨ੍ਹਾਂ ਨੂੰ ਵੀ ਸਰਵੋਤਮ ਇੰਜੀਨੀਅਰਿੰਗ ਅਧਿਆਪਕ ਦਾ ਸਟੇਟ ਐਵਾਰਡ ਮਿਲ ਚੁੱਕਾ ਹੈ। Author: Malout Live