ਆਜ਼ਾਦੀ ਦੇ ਅਮ੍ਰਿਤ ਮਹਾਂਉਤਸਵ ਦੇ ਤਹਿਤ 8 ਮਈ ਤੋਂ 14 ਮਈ ਤੱਕ ਚਲਾਇਆ ਗਿਆ ਥੈਲੇਸੀਮਿਆ ਹਫ਼ਤਾਵਾਰ ਜਾਗਰੂਕਤਾ ਅਭਿਆਨ
ਮਲੋਟ(ਲੰਬੀ):- ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਦੇ ਨਿਰਦੇਸ਼ਾਂ ਅਤੇ ਸੀ.ਐੱਚ.ਸੀ ਲੰਬੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪਵਨ ਕੁਮਾਰ ਮਿੱਤਲ ਦੀ ਅਗੁਵਾਈ ਹੇਠ ਆਜ਼ਾਦੀ ਦੇ ਅਮ੍ਰਿਤ ਮਹਾਂਉਤਸਵ ਦੇ ਤਹਿਤ 8 ਮਈ ਤੋਂ 14 ਮਈ ਤੱਕ ਥੈਲੇਸੀਮਿਆ ਬਾਰੇ ਹਫ਼ਤਾਵਾਰ ਜਾਗਰੂਕਤਾ ਅਭਿਆਨ ਚਲਾਇਆ ਗਿਆ। ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਡਾ. ਮਿੱਤਲ ਨੇ ਦੱਸਿਆ ਕਿ ਥੈਲੇਸੀਮਿਆ ਇੱਕ ਗੰਭੀਰ ਜੈਨੇਟਿਕ ਰੋਗ ਹੈ ਜਿਸ ਵਿੱਚ ਪੀਡ਼ਿਤ ਵਿਅਕਤੀ ਵਿੱਚ ਖੂਨ ਦੇ ਨਾਲ-ਨਾਲ ਸੈੱਲ ਬਣਾਉਣ ਦੀ ਸ਼ਕਤੀ ਵੀ ਘੱਟ ਹੋ ਜਾਂਦੀ ਹੈ ਅਤੇ ਹੌਲੀ-ਹੌਲੀ ਖਤਮ ਹੁੰਦੀ ਜਾਂਦੀ ਹੈ। ਇਸ ਰੋਗ ਦੇ ਮੁੱਖ ਲੱਛਣ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੀਡ਼ਿਤ ਵਿਅਕਤੀ ਦੇ ਸਰੀਰਿਕ ਵਿਕਾਸ ਵਿੱਚ ਦੇਰੀ ਹੁੰਦੀ ਹੈ, ਮਰੀਜ਼ ਬਹੁਤ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਦਾ ਹੈ, ਉਸ ਦੇ ਚਿਹਰੇ ਦੀ ਬਣਾਵਟ ਵਿੱਚ ਬਦਲਾਵ ਆ ਜਾਂਦਾ ਹੈ ਅਤੇ ਚਮੜੀ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਪਿਸ਼ਾਬ ਗਾੜਾ ਆਉਂਦਾ ਹੈ ਅਤੇ ਤਿੱਲੀ ਦਾ ਸਰੂਪ ਵੀ ਵੱਧ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਰੋਗ ਦੇ ਮਰੀਜ਼ ਨੂੰ ਹਰ 15 ਤੋਂ 20 ਦਿਨਾਂ ਦੇ ਬਾਅਦ ਖੂਨ ਚੜਾਉਣ ਦੀ ਜ਼ਰੂਰਤ ਪੈਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਰੋਗ ਦੀ ਜਾਂਚ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ, ਏਮਜ਼ ਬਠਿੰਡਾ ਅਤੇ ਸਰਕਾਰੀ ਹਸਪਤਾਲ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਉਪਲੱਬਧ ਹੈ। ਪੁਸ਼ਪਾ ਰਾਣੀ ਨੇ ਕਿਹਾ ਕਿ ਆਉਣ ਵਾਲੀ ਪੀੜੀਆਂ ਨੂੰ ਇਸ ਰੋਗ ਤੋਂ ਬਚਾਉਣ ਲਈ ਗਰਭਵਤੀ ਔਰਤਾਂ ਦਾ ਖਾਸ ਕਰ ਪਹਿਲੀ ਤਿਮਾਹੀ ਵਿੱਚ, ਵਿਆਹ ਲਾਇਕ ਦੰਪਤੀਆਂ, ਅਤੇ ਜਿਨ੍ਹਾਂ ਦਾ ਅਨੀਮਿਆ ਠੀਕ ਨਹੀਂ ਹੋ ਰਿਹਾ ਹੋਵੇ ਉਨ੍ਹਾਂ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਜਾਂਚ ਕਰਵਾ ਕੇ ਹੀ ਉਪਰੋਕਤ ਸਾਰੇ ਆਪਣੀ ਆਉਣ ਵਾਲੇ ਪੀੜੀਆਂ ਨੂੰ ਇਸ ਰੋਗ ਤੋਂ ਬਚਾ ਸਕਦੇ ਹਨ। ਪ੍ਰਿਤਪਾਲ ਸਿੰਘ ਤੂਰ ਨੇ ਦੱਸਿਆ ਕਿ ਇਸ ਵਾਰ ਦਾ ਥੀਮ ਵੀ ਇਹ ਹੈ ਕਿ "ਜਾਗਰੂਕ ਰਹੋ, ਸਾਂਝਾ ਕਰੋ ਅਤੇ ਸੰਭਾਲ ਕਰੋ"। ਉਹਨਾਂ ਨੇ ਦੱਸਿਆ ਕਿ ਸਰਕਾਰ ਦੁਆਰਾ ਥੈਲੇਸੀਮਿਆ ਦੇ ਮਰੀਜਾਂ ਨੂੰ ਸਰਕਾਰੀ ਬਲੱਡ ਬੈਂਕਾਂ ਤੋਂ ਮੁਫ਼ਤ ਖੂਨ ਉਪਲੱਬਧ ਕਰਵਾਇਆ ਜਾਂਦਾ ਹੈ। ਆਰ.ਬੀ.ਐੱਸ.ਕੇ ਪ੍ਰੋਗਰਾਮ ਅਧੀਨ ਸਾਰੇ 0-15 ਸਾਲ ਤੱਕ ਦੇ ਬੱਚਿਆਂ ਦਾ ਸਾਲ ਵਿੱਚ ਇੱਕ ਵਾਰ ਮੁਫਤ ਅਨੀਮਿਆ ਜਾਂਚ ਕਰਕੇ ਇਲਾਜ ਕੀਤਾ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਇਸ ਹਫ਼ਤਾਵਾਰ ਮੁਹਿੰਮ ਦੌਰਾਨ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਵੱਖ-ਵੱਖ ਸੰਸਥਾਂਵਾਂ ਦੇ ਸਹਿਯੋਗ ਨਾਲ ਥੈਲੇਸੀਮਿਆ ਦੇ ਮਰੀਜਾਂ ਲਈ ਸਪੈਸ਼ਲ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਚੰਦਰ ਮੋਹਨ, ਅਜੇਸ਼ ਗੋਇਲ, ਜਗਦੇਵ ਰਾਜ, ਮਨਪ੍ਰੀਤ ਸਿੰਘ, ਜਸਵੀਰ ਕੌਰ ਅਤੇ ਪਿੰਡਾਂ ਦੇ ਲੋਕ ਹਾਜ਼ਰ ਸਨ। Author : Malout Live