ਬੀਤੇ ਦਿਨੀਂ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਵਿਸਾਖੀ ਤੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ
ਮਲੋਟ:- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਮਨਾਉਂਦਿਆਂ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ਼੍ਰੀ ਆਖੰਡ ਪਾਠ ਸਾਹਿਬ ਦੀ ਲੜੀ 14 ਫਰਵਰੀ ਤੋਂ ਗੁਰੂ ਘਰ ਵਿਖੇ ਚੱਲ ਰਹੀ ਸੀ ਜਿਸਦੀ ਵਿਸਾਖੀ ਸਮਾਗਮ ਵਾਲੇ ਦਿਨ ਸਮਾਪਤੀ ਤੇਂ ਸਵੇਰ ਸਮੇਂ ਤਿੰਨ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਤੋਂ ਪੁੱਜੇ ਹਜੂਰੀ ਰਾਗੀ ਜੱਥੇ ਭਾਈ ਕੁਲਵੀਰ ਸਿੰਘ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਕੀਰਤਨ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪੁੱਜੇ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ ਅਤੇ ਬਾਬਾ ਮਨਮੋਹਨਪ੍ਰੀਤ ਸਿੰਘ ਚੀਮਾ ਬਰਨਾਲੇ ਵਾਲਿਆਂ ਵੱਲੋ ਦੀਵਾਨ ਸਜਾਏ ਗਏ। ਭਾਈ ਗੁਰਬੀਰ ਸਿੰਘ ਮਲੇਸ਼ੀਆ ਵਾਲੇ ਹਜੂਰੀ ਰਾਗੀ ਜੱਥਾ ਵੱਲੋਂ ਇਲਾਕੇ ਅਤੇ ਫਸਲ ਬਾੜੀ ਦੀ ਸੁੱਖ ਸ਼ਾਂਤੀ ਅਤੇ ਸੰਗਤ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਹੈਪੀ ਨੇ ਸਟੇਜ ਦੀ ਭੂਮਿਕਾ ਨਿਭਾਈ ਅਤੇ ਸੰਗਤ ਨੂੰ ਖਾਲਸਾ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਸੰਤ ਬਾਬਾ ਬਲਜੀਤ ਸਿੰਘ ਵੱਲੋਂ ਬੀਤੇ ਦੋ ਮਹੀਨੇ ਤੋਂ ਚੱਲ ਰਹੀ ਲੜੀ ਦੌਰਾਨ ਵੱਖ-ਵੱਖ ਸੇਵਾਵਾਂ ਦੇਣ ਵਾਲੀਆਂ ਬੀਬੀਆਂ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ। ਗਤਕਾ ਪਾਰਟੀ ਵੱਲੋ ਗਤਕੇ ਦੇ ਜੌਹਰ ਦਿਖਾਏ ਗਏ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮਲੋਟ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ,ਰਮੇਸ਼ ਅਰਨੀਵਾਲਾ, ਮਾਸਟਰ ਜਸਪਾਲ ਸਿੰਘ, ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ, ਮਲੋਟ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰੂਬੀ ਬਰਾੜ, ਪਰਮਿੰਦਰ ਸਿੰਘ ਕੋਲਿਆਂਵਾਲੀ, ਲੱਪੀ ਈਨਾਖੇੜਾ, ਸੈਕਟਰੀ ਮਾਰਕਿਟ ਕਮੇਟੀ ਸ਼ਮਸ਼ੇਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਸੰਗਤ ਨੇ ਹਾਜਰੀ ਭਰੀ। Author : Malout Live