ਡਿਪਟੀ ਕਮਿਸ਼ਨਰ ਨੇ ਸਵੱਛ ਅਭਿਆਨ ਮਿਸ਼ਨ ਤਹਿਤ ਸ਼ਹਿਰ ਦੇ ਵੱਖ-ਵੱਖ ਭਾਗਾਂ ਵਿੱਚ ਸਫਾਈ ਦੀ ਕੀਤੀ ਸ਼ੁਰੂਆਤ
ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਅੱਜ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿੱਚ ਸਵੱਛ ਅਭਿਆਨ ਮਿਸ਼ਨ ਤਹਿਤ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜੰਗੀ ਪੱਧਰ ਤੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹਨਾਂ ਸ਼ਹਿਰ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਆਪਣੇ ਘਰਾਂ ਦੇ ਆਲੇ ਦੁਆਲੇ ਸਫਾਈ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ ਅਤੇ ਸੁੱਕਾ ਅਤੇ ਗਿੱਲੇ ਕੂੜੇ ਨੂੰ ਵੱਖਰੇ-ਵੱਖਰੇ ਤੌਰ ਤੇ ਰੱਖਿਆ ਜਾਵੇ। ਉਹਨਾਂ ਅੱਗੇ ਕਿਹਾ ਕਿ ਸ਼ਹਿਰ ਦੇ ਸਫਾਈ ਅਤੇ ਸੁੰਦਰਤਾ ਲਈ ਸ਼ਹਿਰ ਦੀਆਂ ਗਲੀਆਂ ਵਿੱਚ ਪਲਾਸਟਿਕ ਦੇ ਕੂੜੇਦਾਨ ਰੱਖੇ ਜਾਣਗੇ, ਜਿੱਥੇ ਦੁਕਾਨਦਾਰ ਅਤੇ ਨਗਰ ਨਿਵਾਸੀ ਆਪਣੇ ਘਰ ਦਾ ਕੂੜਾ ਕਰਕਟ ਇਹਨਾਂ ਕੂੜੇਦਾਨਾਂ ਵਿੱਚ ਪਾ ਸਕਣਗੇ। ਉਹਨਾਂ ਇਹ ਵੀ ਵਿਸ਼ਵਾਸ ਦੁਆਇਆ ਕਿ ਸ਼ਹਿਰ ਦੀਆਂ ਖਾਲੀ ਪਈਆਂ ਥਾਵਾਂ ਤੇ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਪੌਦੇ ਲਗਾਏ ਜਾਣਗੇ ਤਾਂ ਜੋ ਆਉਣ ਵਾਲੀ ਸਾਡੀ ਪੀੜ੍ਹੀ ਨੂੰ ਆਕਸੀਜਨ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਪੇਸ਼ ਨਾ ਆਵੇ। ਉਹਨਾਂ ਇਹ ਵੀ ਕਿਹਾ ਕਿ ਜਿਹਨਾਂ ਲੋਕਾਂ ਦੇ ਖਾਲੀ ਪਲਾਟ ਪਏ ਹਨ, ਉਹਨਾਂ ਪਲਾਟਾਂ ਦੇ ਮਾਲਕਾਂ ਨਾਲ ਤਾਲਮੇਲ ਕਰਕੇ ਉਥੇ ਸਫਾਈ ਕਰਵਾਉਣ,
ਉਪਰੰਤ ਉਥੇ ਕੂੜਾ ਨਾ ਸੁੱਟਣ ਸੰਬੰਧੀ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਸੂਚਨਾਂ ਬੋਰਡ ਲਗਾਏ ਜਾਣਗੇ। ਉਹਨਾਂ ਅੱਗੇ ਕਿਹਾ ਕਿ ਜੇਕਰ ਕੋਈ ਗਲੀਆਂ ਜਾਂ ਸੜਕਾਂ ਤੇ ਨਜਾਇਜ ਕੂੜਾ ਸੁੱਟਦਾ ਪਾਇਆ ਜਾਂਦਾ ਹੈ ਜਾਂ ਸਫਾਈ ਅਭਿਆਨ ਵਿੱਚ ਕੋਈ ਮੁਸ਼ਕਿਲ ਖੜ੍ਹੀ ਕਰਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗਾ। ਥਾਂਦੇਵਾਲਾ ਰੋਡ, ਨਾਕਾ ਨੰਬਰ 1 ਦਰਬਾਰ ਸਾਹਿਬ ਅਤੇ ਬਾਗ ਵਾਲੀ ਗਲੀ ਵਿੱਚ ਡਿਪਟੀ ਕਮਿਸ਼ਨਰ ਨੇ ਸ਼ਹਿਰ ਦੀ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਅਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਭਰੋਸਾ ਦੁਆਇਆ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ (ਸ਼ਹਿਰੀ) ਗੁਲਪ੍ਰੀਤ ਸਿੰਘ ਔਲਖ, ਸਵਰਨਜੀਤ ਕੌਰ ਐਸ.ਡੀ.ਐਮ.,ਬਿਪਨ ਕੁਮਾਰ ਅਗਰਵਾਲ ਕਾਰਜ ਸਾਧਕ ਅਫਸਰ, ਡਾ.ਨਰੇਸ ਪਰੂਥੀ, ਤਰਸੇਮ ਗੋਇਲ ਕਲੀਨ ਐਡ ਗਰੀਨ ਸੇਵਾ ਸੋਸਾਇਟੀ, ਦੀਪਕ ਗਰਗ ਸਵੱਛ ਅਭਿਆਨ ਸੋਸਾਇਟੀ, ਪ੍ਰੋ. ਜ਼ਸਪਾਲ ਸਿੰਘ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਸ਼ਹਿਰ ਦੀ ਸਫਾਈ ਅਭਿਆਨ ਨਾਲ ਜੁੜੇ ਪਤਵੰਤੇ ਵਿਅਕਤੀ ਵੀ ਮੌਜੂਦ ਸਨ। Author : Malout Live