ਨਰਾਤਿਆਂ ਤੋਂ ਪਹਿਲਾਂ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਭਗਤਾਂ ਲਈ ਆਈ ਖ਼ਬਰ ਸਾਹਮਣੇ, ਹੈਲੀਕਾਪਟਰ ਦਾ ਵਧਿਆ ਕਿਰਾਇਆ

ਮਲੋਟ: ਨਰਾਤਿਆਂ ਤੋਂ ਪਹਿਲਾਂ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਮਾਤਾ ਦੇ ਦਰਸ਼ਨਾਂ ਲਈ ਹੈਲੀਕਾਪਟਰ ਤੋਂ ਜਾਣ ਵਾਲੀਆਂ ਸੰਗਤਾਂ ਨੂੰ ਹੁਣ ਕਟੜਾ ਤੋਂ ਸਾਂਝੀ ਛੱਤ ਹੇਠ ਪ੍ਰਤੀ ਵਿਅਕਤੀ 2100 ਰੁਪਏ ਦਾ ਭੁਗਤਨਾ ਕਰਨਾ ਪਵੇਗਾ, ਜਦੋਂ ਕਿ ਦੋਵੇਂ ਪਾਸੇ ਉਡਾਣ ਭਰਨ ਲਈ ਸੰਗਤਾਂ ਨੂੰ 4200 ਦਾ ਭੁਗਤਾਨ ਕਰਨਾ ਪਵੇਗਾ। ਨਵੇਂ ਰੇਟ ਪਹਿਲੇ ਨਰਾਤੇ ਤੋਂ ਸ਼ੁਰੂ ਹੋਣਗੇ। ਇਸ ਤੋਂ ਪਹਿਲਾਂ ਕਟੜਾ ਤੋਂ ਸਾਂਝੀ ਛੱਤ ਤੱਕ ਦਾ ਇਕ ਪਾਸੇ ਦਾ ਕਿਰਾਇਆ 1830 ਜਦੋਂ ਕਿ ਦੋਹਾਂ ਪਾਸਿਆਂ ਦਾ ਕਿਰਾਇਆ 3660 ਰੁਪਏ ਸੀ। ਹਾਲ ਹੀ 'ਚ ਹੋਏ ਟੈਂਡਰ ਦੌਰਾਨ ਨਵਾਂ ਰੇਟ ਨਿਰਧਾਰਿਤ ਕੀਤਾ ਗਿਆ ਹੈ, ਜੋ ਕਿ ਪਹਿਲੇ ਨਰਾਤੇ 16 ਅਕਤੂਬਰ ਤੋਂ ਲਾਗੂ ਹੋਵੇਗਾ।

ਜਿਨ੍ਹਾਂ ਸੰਗਤਾਂ ਵੱਲੋਂ ਪਹਿਲਾਂ ਤੋਂ ਆਨਲਾਈਨ ਹੈਲੀਕਾਪਟਰ ਦੀ ਟਿਕਟ ਬੁੱਕ ਕੀਤੀ ਗਈ ਹੋਵੇਗੀ, ਉਨ੍ਹਾਂ ਨੂੰ ਵੀ ਵਧਿਆ ਹੋਇਆ ਕਿਰਾਇਆ ਹੈਲੀਪੇਡ 'ਤੇ ਭਰਨਾ ਪਵੇਗਾ। ਇਸ ਤੋਂ ਪਹਿਲਾਂ ਸਾਲ 2020 'ਚ ਕੋਰੋਨਾ ਦੌਰਾਨ 1170 ਤੋਂ 1830 ਰੁਪਏ ਕਿਰਾਇਆ ਵਧਾਇਆ ਗਿਆ ਸੀ। 3 ਸਾਲਾਂ ਦੌਰਾਨ ਕਿਰਾਇਆ ਕਰੀਬ ਦੁੱਗਣਾ ਕਰ ਦਿੱਤਾ ਗਿਆ ਹੈ। ਮੌਜੂਦਾ ਸਮੇਂ 'ਚ ਹੈਲੀਕਾਪਟਰ ਕੰਪਨੀਆਂ ਗਲੋਬਲ ਵੈਕਟਰਾ ਅਤੇ ਹਿਮਾਲਿਅਨ ਹੈਲੀ ਸੇਵਾਵਾਂ ਮੁਹੱਈਆ ਕਰਵਾ ਰਹੀਆਂ ਹਨ। ਨਰਾਤਿਆਂ ਤੋਂ ਪਹਿਲਾਂ ਆਨਲਾਈਨ ਐਡਵਾਂਸ ਬੁਕਿੰਗ ਕਰਵਾ ਚੁੱਕੀਆਂ ਸੰਗਤਾਂ ਨੂੰ ਵੀ ਤੈਅ ਹੋਇਆ ਨਵਾਂ ਕਿਰਾਇਆ ਜਮ੍ਹਾਂ ਕਰਵਾਉਣਾ ਪਵੇਗਾ। ਗਰਮੀਆਂ 'ਚ ਹੈਲੀਕਾਪਟਰ ਦੀਆਂ ਉਡਾਣਾਂ ਜ਼ਿਆਦਾ ਹੁੰਦੀਆਂ ਹਨ ਤਾਂ ਸਰਦੀਆਂ 'ਚ ਦਿਨ ਛੋਟੇ ਹੋਣ ਕਾਰਨ ਇਹ ਘੱਟ ਹੋ ਜਾਂਦੀ ਹੈ। ਇਹ ਸੇਵਾ ਸਵੇਰੇ 07:00 ਵਜੇ ਸ਼ੁਰੂ ਹੋ ਕੇ ਸ਼ਾਮ 06:30 ਵਜੇ ਤੱਕ ਜਾਰੀ ਰਹਿੰਦੀ ਹੈ। Author: Malout Live