ਕਿਸਾਨਾਂ ਨੂੰ ਮਿਆਰੀ ਖਾਦ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਅਚਨਚੇਤ ਚੈਕਿੰਗ- ਸੰਯੁਕਤ ਡਾਇਰੈਕਟਰ ਖੇਤੀਬਾੜੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਹਾੜ੍ਹੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸ੍ਰ. ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਮੰਤਰੀ ਪੰਜਾਬ ਦੇ ਹੁਕਮਾਂ ਦੀ ਪਾਲਣਾ ਹਿੱਤ ਅਤੇ ਸ਼੍ਰੀ ਜਸਵੰਤ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਸ਼੍ਰੀ ਸੁਰਿੰਦਰ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਵੱਲੋਂ ਕਿਸਾਨਾਂ ਨੂੰ ਮਿਆਰੀ ਖਾਦ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਜਿਲ੍ਹੇ ਦੇ ਕੁਆਲਟੀ ਕੰਟਰੋਲ ਨਾਲ ਸੰਬੰਧਿਤ ਅਧਿਕਾਰੀਆਂ ਦੀ ਮੀਟਿੰਗ ਕੀਤੀ ਗਈ ਅਤੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਸਮੇਂ ਜਿਲ੍ਹੇ ਅੰਦਰ ਮੌਜੂਦ ਖਾਦਾਂ ਅਤੇ ਦਵਾਈਆਂ ਦੇ ਮੈਨੂਫੈਕਚਰਿੰਗ, ਮਾਰਕੀਟਿੰਗ ਯੂਨਿਟ ਅਤੇ ਡੀਲਰਾਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਅਤੇ ਸੈਂਪਲਿੰਗ ਕਰਨ ਲਈ ਬਲਾਕ ਪੱਧਰ ਤੇ 4 ਟੀਮਾਂ ਦਾ ਗਠਨ ਕੀਤਾ ਗਿਆ। ਇਸ ਸਮੇਂ ਖਾਦ ਅਤੇ ਕੀੜੇਮਾਰ ਦਵਾਈਆਂ ਦੇ 27 ਵਿਕਰੇਤਾਵਾਂ ਦੀ ਚੈਕਿੰਗ ਕਰਦੇ ਹੋਏ ਖਾਦ ਦੇ ਕੁੱਲ 07 ਸੈਂਪਲ ਅਤੇ ਦਵਾਈਆਂ ਦੇ ਕੁੱਲ 10 ਸੈਂਪਲ ਲਏ ਗਏ। ਇਸ ਸਮੇਂ ਸੰਯੁਕਤ ਡਾਇਰੈਕਟਰ ਖੇਤੀਬਾੜੀ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰਾਂ ਦੀ ਚੈਕਿੰਗ ਜਾਰੀ ਰਹੇਗੀ।
ਉਨ੍ਹਾਂ ਇਹ ਵੀ ਤਾੜਨਾ ਕੀਤੀ ਕਿ ਜੇਕਰ ਖਾਦ ਵਿਕਰੇਤਾ ਪਾਸ ਯੂਰੀਆ ਖਾਦ ਮੌਜੂਦ ਹੈ ਤਾਂ ਕਿਸੇ ਕਿਸਾਨ ਨੂੰ ਖਾਦ ਦੇਣ ਤੋ ਇਨਕਾਰ ਨਾ ਕੀਤਾ ਜਾਵੇ ਅਤੇ ਖਾਦ ਨਾਲ ਕੋਈ ਵੀ ਅਣਚਾਹੀ ਵਸਤੂ ਨਾ ਦਿੱਤੀ ਜਾਵੇ। ਜੇਕਰ ਵਿਭਾਗ ਕੋਲ ਇਸ ਸੰਬੰਧੀ ਕਿਸੇ ਵੀ ਖਾਦ ਵਿਕਰੇਤਾ ਦੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਖਿਲਾਫ ਖਾਦ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸ਼੍ਰੀ ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫਸਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਜਿਲ੍ਹੇ ਅੰਦਰ ਯੂਰੀਆ ਖਾਦ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ-ਸਮੇਂ ਸਿਰ ਯੂਰੀਆ ਖਾਦ ਪ੍ਰਾਈਵੇਟ ਡੀਲਰਾਂ, ਇਫਕੋ ਸੈਟਰਾਂ ਜਾਂ ਸਹਿਕਾਰੀ ਸਭਾਵਾਂ ਤੋਂ ਪੀ.ਓ.ਐੱਸ ਮਸ਼ੀਨ ਦੁਆਰਾ ਖਰੀਦ ਸਕਦੇ ਹਨ। ਇਸ ਸਮੇਂ ਮੁੱਖ ਖੇਤੀਬਾੜੀ ਅਫਸਰ ਵੱਲੋਂ ਦੱਸਿਆ ਗਿਆ ਕਿ ਕੁੱਝ ਖੇਤਾਂ ਵਿੱਚ ਕਣਕ ਦੀ ਫਸਲ ਤੇ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਵੇਖਦੇ ਹੋਏ ਪੈਸਟ ਸਰਵੇਲੈਂਸ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਇਹ ਟੀਮਾਂ ਲਗਾਤਾਰ ਖੇਤਾਂ ਦਾ ਸਰਵੇਖਣ ਕਰਦੀਆਂ ਰਹਿਣਗੀਆਂ। ਜੇਕਰ ਕਿਸੇ ਕਿਸਾਨ ਵੀਰ ਨੂੰ ਯੂਰੀਆ ਖਾਦ ਲੈਣ ਸਮੇਂ ਜਾਂ ਤਣੇ ਦੀ ਗੁਲਾਬੀ ਸੁੰਡੀ ਸੰਬੰਧੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਸੰਬੰਧਿਤ ਬਲਾਕ ਖੇਤੀਬਾੜੀ ਅਫਸਰ ਜਾਂ ਜਿਲ੍ਹੇ ਦੇ ਮੁੱਖ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ। Author: Malout Live