ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਲਈ ਵੱਡਾ ਐਲਾਨ, 'ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ' ਸ਼ੁਰੂ
ਮਲੋਟ (ਪੰਜਾਬ): ਪੰਜਾਬ ਨੂੰ ਖੇਡਾਂ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਦੇ ਮੱਦੇਨਜ਼ਰ ਖੇਡ ਵਿਭਾਗ ਵੱਲੋਂ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਲਈ ਹੇਠਲੇ ਪੱਧਰ 'ਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ 'ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ' ਦੀ ਸ਼ੁਰੂਆਤ ਕਰਨ ਦਾ ਫੈਂਸਲਾ ਕੀਤਾ ਗਿਆ। ਇਹ ਐਲਾਨ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਸਕੀਮ ਤਹਿਤ ਸੀਨੀਅਰ ਨੈਸ਼ਨਲ ਵਿੱਚ ਕੋਈ ਵੀ ਤਮਗਾ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ 8000 ਰੁ. ਇੱਕ ਸਾਲ ਲਈ ਪ੍ਰਤੀ ਮਹੀਨਾ ਵਜ਼ੀਫ਼ਾ ਵਜੋਂ ਦਿੱਤਾ ਜਾਵੇਗਾ। ਇਸੇ ਤਰ੍ਹਾਂ ਜੂਨੀਅਰ ਰਾਸ਼ਟਰੀ ਤਮਗਾ ਜੇਤੂਆਂ ਨੂੰ 6000 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਮਿਲੇਗਾ। ਇੱਕ ਸਾਲ ਲਈ ਖਿਡਾਰੀ ਨੂੰ ਇਹ ਰਕਮ ਇੱਕ ਸਾਲ ਲਈ ਪ੍ਰਤੀ ਮਹੀਨਾ ਮਿਲੇਗੀ, ਚਾਹੇ ਉਸ ਨੇ ਸੋਨੇ, ਚਾਂਦੀ ਜਾਂ ਕਾਂਸੀ ਦਾ ਤਗਮਾ ਜਿੱਤਿਆ ਹੋਵੇ। ਇਸ ਸਕੀਮ ਦੇ ਸਾਲਾਨਾ ਬਜਟ ਲਈ ਖੇਡ ਵਿਭਾਗ ਵੱਲੋਂ 12.50 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
ਇਸ ਦੌਰਾਨ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਪ੍ਰਸਿੱਧ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਨਾਮ ‘ਤੇ ਉੱਘੇ ਰਾਸ਼ਟਰੀ ਖਿਡਾਰੀਆਂ ਲਈ ਇਹ ਵਿਲੱਖਣ ਯੋਜਨਾ ਸ਼ੁਰੂ ਕੀਤੀ ਹੈ। ਉਹਨਾਂ ਇਹ ਵੀ ਦੱਸਿਆ ਕਿ ਖਿਡਾਰੀਆਂ ਲਈ ਸਿਹਤ ਬੀਮਾ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਖਿਡਾਰੀਆਂ ਨੂੰ ਖੇਡਾਂ ਦਾ ਸਮਾਨ ਮੁਹੱਈਆ ਕਰਵਾਉਣ ਤੋਂ ਇਲਾਵਾ ਵੱਡੇ ਪੱਧਰ ‘ਤੇ ਨਵੇਂ ਕੋਚਾਂ ਦੀ ਭਰਤੀ ਕੀਤੀ ਜਾਵੇਗੀ। ਡੇਅ ਸਕਾਲਰ ਖਿਡਾਰੀਆਂ ਦੀ ਡਾਈਟ 100 ਰੁਪਏ ਤੋਂ ਵਧਾ ਕੇ 125 ਰੁਪਏ ਅਤੇ ਹੋਸਟਲ ਵਾਲੇ ਖਿਡਾਰੀਆਂ ਲਈ ਡਾਈਟ 200 ਤੋਂ ਵਧਾ ਕੇ 225 ਰੁਪਏ ਕਰ ਦਿੱਤੀ ਗਈ ਹੈ। ਖੇਡ ਮਾਹਿਰਾਂ ਦੀ ਰਾਏ ਨਾਲ ਨਵੀਂ ਖੇਡ ਨੀਤੀ ਲਿਆਂਦੀ ਜਾ ਰਹੀ ਹੈ ਜਿਸ ਦਾ ਮਨੋਰਥ ਖਿਡਾਰੀਆਂ ਦੀ ਪ੍ਰਤਿਭਾ ਪਛਾਣ ਕੇ ਉਨਾਂ ਨੂੰ ਮੁਕਾਬਲਿਆਂ ਲਈ ਤਿਆਰ ਕਰਨਾ ਹੈ। ਖਿਡਾਰੀਆਂ ਲਈ ਡਾਈਟ, ਕੋਚਿੰਗ, ਖੇਡ ਸਮਾਨ, ਨੌਕਰੀਆਂ ਤੇ ਨਗਦ ਪੁਰਸਕਾਰ ਨਾਲ ਸਨਮਾਨਤ ਕਰਨਾ ਨੀਤੀ ਦਾ ਅਹਿਮ ਅੰਗ ਹੋਵੇਗਾ ਹੋਵੇਗਾ। ਸੂਬਾ ਸਰਕਾਰ ਦਾ ਟੀਚਾ ਹੈ ਕਿ 2024 ਵਿੱਚ ਪੈਰਿਸ ਓਲੰਪਿਕ ਖੇਡਾਂ ਅਤੇ 2028 ਵਿੱਚ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਪੰਜਾਬ ਦੇ ਖਿਡਾਰੀ ਵੱਧ ਤੋਂ ਵੱਧ ਹਿੱਸਾ ਲੈ ਕੇ ਪ੍ਰਾਪਤੀਆਂ ਹਾਸਿਲ ਕਰਨ। Author: Malout Live