ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਕਾਮੱਰਸ ਅਤੇ ਕੰਪਿਊਟਰ ਵਿਭਾਗ ਨੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

ਮਲੋਟ: ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਕਾੱਮਰਸ ਅਤੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਇੱਕ ਯਾਦਗਾਰੀ ਅਲਵਿਦਾ ਪਾਰਟੀ ਦਿੱਤੀ। ਇਸ ਮੌਕੇ ਪ੍ਰੋ. ਨਵਰੀਨ ਕੌਰ ਨੇ ਆਏ ਹੋਏ ਮਹਿਮਾਨਾਂ ਕਾਲਜ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਜਰਨਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਮੈਂਬਰ ਮਨਿੰਦਰ ਸਿੰਘ ਢਿੱਲੋਂ, ਹਰਦੀਪ ਸਿੰਘ ਸੰਧੂ, ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਤੇ ਸਮੂਹ ਸਟਾਫ਼ ਦਾ ਸੁਆਗਤ ਕੀਤਾ। ਵਿਦਾਇਗੀ ਪਾਰਟੀ ਦੌਰਾਨ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿੰਨ੍ਹਾਂ ਵਿੱਚੋਂ ਸਾਂਝੇ ਰੂਪ ਵਿੱਚ ਮਿਸਟਰ ਫੇਅਰਵੈਲ ਬੀ.ਸੀ.ਏ ਭਾਗ ਤੀਜਾ ਦਾ ਵਿਦਿਆਰਥੀ ਰਮਣੀਤ ਸਿੰਘ ਅਤੇ ਮਿਸ ਫੇਅਰਵੈਲ ਬੀ.ਕਾੱਮ ਭਾਗ ਤੀਜਾ ਦੀ ਵਿਦਿਆਰਥਣ ਡਿੰਪਲ ਚੁਣੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਕਾਲਜ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ

ਨੇ ਕਿਹਾ ਕਿ ਵਿਦਿਆਰਥੀ ਜੀਵਨ ਜ਼ਿੰਦਗੀ ਦਾ ਖ਼ੂਬਸੂਰਤ ਹਿੱਸਾ ਹੁੰਦਾ ਹੈ, ਇਸ ਸਮੇਂ ਦੀਆਂ ਯਾਦਾਂ ਸਾਰੀ ਉਮਰ ਨਾਲ ਤੁਰਦੀਆਂ ਹਨ, ਅੱਜ ਜ਼ਿੰਦਗੀ ਦਾ ਇੱਕ ਪੜਾਅ ਜੋ ਮੁਕੰਮਲ ਹੋਇਆ ਹੈ ਇਸ ਤੋਂ ਬਾਅਦ ਸਫ਼ਰ ਹੋਰ ਲੰਮੇਰਾ ਹੈ। ਇਸ ਲੰਮੇਰੇ ਸਫ਼ਰ 'ਤੇ ਅਸੀਂ ਤੁਹਾਨੂੰ ਸ਼ੁੱਭ ਕਾਮਨਾਵਾਂ ਦਿੰਦੇ ਹਾਂ। ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਫੇਅਰਵੈਲ ਪਾਰਟੀ ਦਾ ਮਤਲਬ ਵਿਦਿਆਰਥੀਆਂ ਨੂੰ ਅਲਵਿਦਾ ਕਹਿਣਾ ਨਹੀਂ ਹੁੰਦਾ ਸਗੋਂ ਸ਼ੁੱਭ ਕਾਮਨਾਵਾਂ ਦੇਣਾ ਹੁੰਦਾ ਹੈ ਕਿਉਂਕਿ ਇਸ ਉਪਰੰਤ ਉਹ ਅਗਲੇ ਪੜ੍ਹਾਅ ਦਾ ਸਫ਼ਰ ਸ਼ੁਰੂ ਕਰਦੇ ਹਨ। ਅਸੀਂ ਪਹਿਲਾਂ ਵੀ ਵਿਦਿਆਰਥੀ ਪੱਖੀ ਰਹੇ ਹਾਂ ਅਤੇ ਆਉਂਦੇ ਦਿਨਾਂ ਵਿੱਚ ਜਦ ਵੀ ਕਦੇ ਕਿਸੇ ਵਿਦਿਆਰਥੀ ਨੂੰ ਸਾਡੀ ਜ਼ਰੂਰਤ ਪਵੇ ਬੇਝਿੱਜਕ ਹੋ ਕੇ ਸਾਨੂੰ ਆਪਣੀ ਲੋੜ ਦੱਸੇ, ਅਸੀਂ ਉਸਦੀ ਹਰ ਸੰਭਵ ਮਦਦ ਕਰਾਂਗੇ। ਪ੍ਰੋ. ਕੁਨਾਲ ਸਹਿਗਲ ਨੇ ਸਮੁੱਚੀ ਮੈਨੇਜਮੈਂਟ, ਪ੍ਰਿੰਸੀਪਲ ਅਤੇ ਸਟਾਫ਼ ਦਾ ਇਸ ਵਿਦਾਇਗੀ ਪਾਰਟੀ ਵਿੱਚ ਪਹੁੰਚਣ ਅਤੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦੇਣ ਲਈ ਧੰਨਵਾਦ ਕੀਤਾ। Author: Malout Live