ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਚੁੱਕੇ ਜਾਣ ਅਹਿਮ ਕਦਮ - ਵਧੀਕ ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ :- ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜਦੀਪ ਕੌਰ ਨੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਅੱਜ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਬੱਚਿਆਂ ਵਿੱਚ ਨਸ਼ਿਆਂ ਦੇ ਵਧਦੇ ਮਾੜੇ ਪ੍ਰਭਾਵ ਨੂੰ ਰੋਕਣ ਸਬੰਧੀ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਬਣਾਏ ਐਕਸ਼ਨ ਪਲਾਨ ਸੰਬੰਧੀ ਆਮ ਜਨਤਾ ਨੂੰ ਜਾਣੂੰ ਕਰਵਾਇਆ ਜਾਵੇ ਤਾਂ ਜੋ ਜਿ਼ਲ੍ਹੇ ਵਿੱਚ ਬੱਚਿਆਂ ਵੱਲੋਂ ਨਸ਼ੇ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਸਕਣ। ਏ.ਡੀ.ਸੀ ਅਨੁਸਾਰ ਜਿ਼ਲ੍ਹੇ ਦੇ ਕਿਸੇ ਵੀ ਸਕੂਲ ਦੀ ਬਿਲਡਿੰਗ ਦੇ 100 ਗਜ ਦੇ ਘੇਰੇ ਦੇ ਅੰਦਰ ਨਸ਼ੀਲੀ ਵਸਤੂ ਜਾਂ ਪਦਾਰਥ ਦੀ ਵਿਕਰੀ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ। ਇਸ ਸਬੰਧੀ ਲੋਕਾਂ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕਰਨ ਲਈ ਬੈਨਰ ਲਗਵਾਏ ਜਾਣ ਅਤੇ ਸੀ.ਸੀ.ਟੀ.ਵੀ ਕੈਮਰੇ ਸਕੂਲ ਦੇ ਅੰਦਰ ਅਤੇ ਬਾਹਰ ਵੀ ਲਗਵਾਏ ਜਾਣ। ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਬੱਡੀਜ ਗਰੁੱਪਾਂ ਦੁਆਰਾ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ। ਡਰੱਗ ਐਕਟ ਦੇ ਰੂਲ 65(3) ਦੇ ਅਧੀਨ ਬਿਨਾ ਡਾਕਟਰ ਦੀ ਲਿਖਤ ਤੋਂ ਸ਼ਡਿਊਲ ਐਚ ਅਤੇ ਸ਼ਡਿਊਲ ਐਕਸ ਡਰੱਗਜ਼ ਵੇਚਣਾ ਗੈਰ ਕਾਨੂੰਨੀ ਹੈ। ਜਿਲ੍ਹੇ ਦੇ ਸਮੂਹ ਮੈਡੀਕਲ ਸਟੋਰਜ ਨੂੰ ਹਦਾਇਤ ਕੀਤੀ ਗਈ ਕਿ ਉਹ ਕਿਸੇ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਬਿਨਾਂ ਡਾਕਟਰੀ ਪਰਚੀ ਦੇ ਦਵਾਈ ਨਾ ਦੇਣ। ਮੈਡੀਕਲ ਦੁਕਾਨਦਾਰ ਮੈਡੀਕਲ ਅਤੇ ਫਾਰਮੇਸੀ ਦੀ ਦੁਕਾਨ ਦੇ ਅੰਦਰ ਅਤੇ ਬਾਹਰ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ ਅਤੇ ਉਸ ਸੀ.ਸੀ.ਟੀ.ਵੀ ਦੀ ਫੁਟੇਜ਼ ਜਿਲ੍ਹਾ ਡਰੱਗ ਕੰਟਰੋਲਰ ਅਥਾਰਟੀ ਵੱਲੋਂ ਅਚਨਚੇਤ ਚੈੱਕਿੰਗ ਕੀਤੀ ਜਾਵੇ। ਜੁਵੇਨਾਇਲ ਜਸਟਿਸ ਐਕਟ ਵਿੱਚ ਦਰਸਾਏ ਨਿਯਮਾਂ ਅਨੁਸਾਰ ਹੀ ਬੱਚੇ ਦੀ ਉਮਰ ਦਸਤਾਵੇਜਾਂ ਨੂੰ ਆਧਾਰ ਮੰਨਿਆ ਜਾਵੇ, ਜਿਵੇਂ ਕਿ ਜਨਮ ਸਰਟੀਫਿਕੇਟ, ਸਕੂਲ ਸਰਟੀਫਿਕੇਟ ਅਤੇ ਆਧਾਰ ਕਾਰਡ। ਇਸ ਮੀਟਿੰਗ ਵਿੱਚ ਰਸ਼ਪਾਲ ਸਿੰਘ, ਡੀ.ਐਸ.ਪੀ/ਐਨ.ਡੀ.ਪੀ.ਐਸ, ਡਾ. ਸ਼ਿਵਾਨੀ ਨਾਗਪਾਲ, ਜਿਲ੍ਹਾ ਬਾਲ ਸੁਰੱਖਿਆ ਅਫਸਰ, ਡਾ. ਸੁਨੀਲ ਬਾਂਸਲ, ਡੀ.ਐਮ.ਸੀ, ਐਡਵੋਕੇਟ ਸਰਵਰਿੰਦਰ ਸਿੰਘ, ਚੇਅਰਮੈਨ ਬਾਲ ਭਲਾਈ ਕਮੇਟੀ, ਐਡਵੋਕੇਟ ਮਨਜੀਤ ਬੇਦੀ, ਮੈਂਬਰ ਬਾਲ ਭਲਾਈ ਕਮੇਟੀ, ਹਰਮਨਦੀਪ ਸਿੰਘ, ਡੀਡੀਪੀਓ, ਹਰੀਤਾ ਬਾਂਸਲ, ਡਰੱਗ ਇੰਸਪੈਕਟਰ, ਓਮਕਾਰ ਸਿੰਘ, ਡਰੱਗ ਇੰਸਪੈਕਟਰ, ਕਪਿਲ ਸ਼ਰਮਾ ਡਿਪਟੀ ਡੀ.ਈ.ਓ ਵੀ ਹਾਜ਼ਰ ਸਨ।