ਨਿਰਵਿਘਨ ਬਿਜਲੀ ਸਪਲਾਈ ਲਈ ਪੱਕੇ ਮੁਲਾਜ਼ਮਾਂ ਦੀ ਤਾਇਨਾਤੀ ਕਰਨ ਦੀ ਮੰਗ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਮਾਸਟਰ ਗੁਰਾਂਦਿੱਤਾ ਸਿੰਘ ਭਾਗਸਰ, ਹਰਚਰਨ ਸਿੰਘ ਬਰਾੜ ਲੱਖੋਵਾਲੀ, ਰਾਜਾ ਸਿੰਘ ਮਹਾਂਬੱਧਰ, ਬਲਾਕ ਪ੍ਰਧਾਨ, ਰਣਜੀਤ ਸਿੰਘ ਬਰਾੜ ਅਤੇ ਹੋਰ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਨੂੰ ਹੋਰ ਪੱਕੇ ਮੁਲਾਜ਼ਮ ਭਰਤੀ ਕਰਨ ਦਾ ਤੁਰੰਤ ਹੁਕਮ ਦੇਵੇ। ਆਗੂਆਂ ਨੇ ਦੱਸਿਆ ਕਿ ਲਗਪਗ ਹਰ ਪਾਵਰਕਾਮ ਦਫ਼ਤਰ ਕੋਲ ਮੁਲਾਜ਼ਮਾਂ ਦੀ ਬਹੁਤ ਵੱਡੀ ਘਾਟ ਚੁੱਕੀ ਹੈ ਅਤੇ ਦਫ਼ਤਰਾਂ ਦੇ ਕੰਮ ਦਾ ਲੋੜ ਬਹੁਤ ਵਧ ਚੁੱਕਿਆ ਹੈ। ਅਜਿਹੇ ਵਿਚ ਭਾਵੇਂ ਪਾਵਰਕਾਮ ਦਫ਼ਤਰਾਂ ਨੂੰ ਸੀਜ਼ਨ ਦੌਰਾਨ ਠੇਕੇਦਾਰੀ ਸਿਸਟਮ ਅਧੀਨ ਕੰਮ ਲਈ ਬੰਦੇ
ਮੁਹੱਈਆ ਕਰਵਾਏ ਜਾਂਦੇ ਹਨ, ਲੇਕਿਨ ਉਹ ਬੰਦੇ ਨਾ ਤਾਂ 11 ਕੇ.ਵੀ. ਲਾਈਨਾਂ 'ਤੇ ਕੱਚੇ ਮੁਲਾਜ਼ਮ ਹੋਣ ਕਾਰਨ ਕੰਮ ਕਰ ਸਕਦੇ ਹਨ ਅਤੇ ਨਾ ਹੀ ਉਹ ਬਿਜਲੀ ਘਰ ਤੋਂ ਮੁਰੰਮਤ ਲਈ ਪਰਮਿਟ ਲੈ ਸਕਦੇ ਹਨ, ਜਿਸ ਨਾਲ ਕਿਸਾਨਾਂ ਨੂੰ ਬਿਜਲੀ ਲਾਈਨ ਖ਼ਰਾਬ ਹੋਣ ਦੀ ਸੂਰਤ ਵਿੱਚ ਬਹੁਤ ਹੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਤ ਦੇ ਸਮੇਂ ਤਾਂ ਬਿਜਲੀ ਖ਼ਰਾਬ ਹੋਣ ਦੀ ਸੂਰਤ ਵਿੱਚ ਕਿਸਾਨ ਸਵੇਰ ਹੋਣ ਦੀ ਉਡੀਕ ਵਿੱਚ ਰਹਿੰਦੇ ਹਨ। ਪਾਵਰਕਾਮ ਵਿਭਾਗ ਨੂੰ ਵੀ ਆਪਣੇ ਪੱਧਰ 'ਤੇ ਇਸ ਸਮੱਸਿਆ ਦੇ ਹੱਲ ਲਈ ਕੱਚੇ ਮੁਲਾਜ਼ਮਾਂ ਨੂੰ ਹੋਰ ਟ੍ਰੇਨਿੰਗ ਦੇ ਕੇ ਪੱਕੇ ਮੁਲਾਜ਼ਮਾਂ ਵਾਲੀਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ, ਤਾਂ ਜੋ ਕੁਦਰਤੀ ਹਾਦਸਾ ਵਾਪਰਨ ਦੀ ਸੂਰਤ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਜੀਵਨ ਨਿਰਬਾਹ ਨੂੰ ਵੀ ਯਕੀਨੀ ਬਣਾਇਆ ਜਾ ਸਕੇ। Author: Malout Live