ਦਿਵਿਆਂਗ ਵਿਅਕਤੀਆਂ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ 64 ਵਿਸ਼ੇਸ਼ ਮੋਟਰਾਇਜ਼ ਟ੍ਰਾਈ ਸਾਇਕਲ, 2 ਵ੍ਹੀਲ ਚੇਅਰ, 1 ਰੋਲੇਟਰ ਅਤੇ 5 ਟ੍ਰਾਈ ਸਾਇਕਲਾਂ ਦੀ ਕੀਤੀ ਵੰਡ
ਮਲੋਟ (ਬਠਿੰਡਾ): ਪੰਜਾਬ ਦੇ ਜਿਲ੍ਹਾ ਬਠਿੰਡਾ ਵਿੱਚ ਪਹਿਲੀ ਵਾਰ ਦਿਵਿਆਂਗ ਵਿਅਕਤੀਆਂ ਲਈ ਰੌਸ਼ਨੀ ਦੀ ਕਿਰਨ ਦੇ ਰੂਪ ਵਿੱਚ ਰੈੱਡ ਕਰਾਸ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਆਈ.ਏ.ਐੱਸ ਦੀ ਯੋਗ ਅਗਵਾਈ ਅਧੀਨ ਲਿਮਕੋ ਸਕੀਮ ਤਹਿਤ ਸਿਵਲ ਹਸਪਤਾਲ ਬਠਿੰਡਾ ਵਿਖੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ 64 ਵਿਸ਼ੇਸ ਮੋਟਰਾਇਜ਼ ਟ੍ਰਾਈ ਸਾਈਕਲ, 2 ਵ੍ਹੀਲ ਚੇਅਰ, 1 ਰੋਲੇਟਰ, 5 ਟਰਾਈ ਸਾਇਕਲਾਂ ਦੀ ਵੰਡ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਢਿੱਲੋਂ ਨੇ ਦੱਸਿਆ ਕਿ ਪੰਜਾਬ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੇ ਵਿਸ਼ੇਸ਼ ਮੋਟਰਾਇਜ਼ ਟਰਾਈ ਸਾਇਕਲ ਲੋੜਵੰਦ ਅੰਗਹੀਣ ਵਿਅਕਤੀਆਂ ਨੂੰ ਦਿੱਤੇ ਗਏ ਹਨ। ਉਨ੍ਹਾਂ ਨੇ ਵਿਸ਼ੇਸ ਤੌਰ ਤੇ ਪੁੱਜੇ ਲੋੜਵੰਦ ਵਿਅਕਤੀਆਂ ਨਾਲ ਗੱਲਬਾਤ ਕੀਤੀ ਤਾਂ ਇਨ੍ਹਾਂ ਵਿੱਚੋਂ ਬਹੁਤ ਸਾਰੇ ਲਾਭਪਾਤਰੀਆਂ ਨੇ ਦੱਸਿਆ ਕਿ ਇਨ੍ਹਾਂ ਮੋਟਰਾਇਜ਼ ਵਹੀਕਲ ਮਿਲਣ ਨਾਲ ਉਨ੍ਹਾਂ ਦੀ ਜਿੰਦਗੀ ਦੀ ਨਵੀਂ ਸ਼ੁਰੂਆਤ ਹੋਈ ਹੈ।
ਇੱਕ ਔਰਤ ਲਾਭਪਾਤਰੀ ਨੇ ਦੱਸਿਆ ਕਿ ਉਹ ਤਕਰੀਬਨ 35 ਸਾਲ ਬਾਅਦ ਬਾਹਰ ਦੀ ਦੁਨਿਆਦਾਰੀ ਨੂੰ ਇਸ ਮੋਟਰਾਇਜ਼ ਵਹੀਕਲ ਨਾਲ ਦੁਬਾਰਾ ਦੇਖਣ ਦੇ ਯੋਗ ਹੋਈ ਹੈ। ਡਾ. ਢਿੱਲੋਂ ਨੇ ਦੱਸਿਆ ਕਿ ਇਹ ਮੋਟਰਾਇਜ਼ ਟਰਾਈ ਸਾਇਕਲ ਰਿਚਾਰਜ਼ ਬੈਟਰੀ ਨਾਲ ਚੱਲਦੇ ਹਨ, ਜਿਸ ਨਾਲ ਦਿਵਿਆਂਗ ਵਿਅਕਤੀਆਂ ਨੂੰ ਰੋਜ਼ਾਨਾ ਦੇ ਆਵਾਜਾਈ ਨਾਲ ਸੰਬੰਧਿਤ ਕੰਮਕਾਰ ਕਰਨ ਲਈ ਆਉਣਾ ਜਾਣਾ ਸੁਖਾਲਾ ਹੋਵੇਗਾ। ਇਸ ਮੌਕੇ ਐੱਸ.ਐੱਮ.ੳ ਡਾ. ਸਤੀਸ਼ ਜਿੰਦਲ, ਲਿਮਕੋ ਇੰਚਾਰਜ ਸ਼੍ਰੀ ਅਨੂਪ, ਡੀ.ਡੀ.ਆਰ.ਸੀ ਤੋਂ ਡਾ. ਸੋਨੀ, ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ, ਨਰਿੰਦਰ ਕੁਮਾਰ ਜਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ, ਹਰੀਸ਼ ਕੁਮਾਰ, ਪਵਨਜੀਤ ਕੌਰ ਬੀ.ਈ.ਈ, ਬਲਦੇਵ ਸਿੰਘ ਡਬਲਿਯੂ ਏ ਹਾਜ਼ਿਰ ਸਨ। Author: Malout Live