ਸਰਕਾਰੀ ਦਫਤਰਾਂ ਦੇ ਕਰਮਚਾਰੀਆਂ ਨੂੰ ਵਰਦੀ ਪਾਉਣੀ ਕੀਤੀ ਜਾਵੇ ਜ਼ਰੂਰੀ- ਸ਼ਾਮ ਲਾਲ ਗੋਇਲ

ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਪੰਜਾਬ ਸਰਕਾਰ ਦੇ ਸਰਕਾਰੀ ਦਫਤਰਾਂ ’ਚ ਦਰਜਾ ਚਾਰ ਦੇ ਕਰਮਚਾਰੀ ਵਰਦੀ ਵਿੱਚ ਨਜ਼ਰ ਨਹੀਂ ਆਉਂਦੇ। ਪੰਜਾਬ ਸਰਕਾਰ ਦੇ ਦਫਤਰ ਵਿੱਚ ਕਿਸੇ ਅਧਿਕਾਰੀ ਨੂੰ ਮਿਲਣ ਜਾਣਾ ਹੁੰਦਾ ਹੈ ਤਾਂ ਦਰਜਾਚਾਰ ਕਰਮਚਾਰੀ ਸਿਵਲ ਕੱਪੜਿਆਂ ਵਿੱਚ ਹੋਣ ਕਰ ਕੇ ਪਤਾ ਨਹੀਂ ਲੱਗਦਾ ਕਿਉਂਕਿ ਉਹ ਆਮ ਪਬਲਿਕ ਵਿੱਚ ਖੜੇ ਹੁੰਦੇ ਹਨ। ਡਿਪਟੀ ਕਮਿਸ਼ਨਰ ਦੇ ਦਫਤਰ ਅਤੇ ਉਨ੍ਹਾਂ ਦੇ ਅਧੀਨ ਆਉਂਦੇ ਏ.ਡੀ.ਸੀ. ਵਿਕਾਸ ਅਤੇ ਅਰਬਨ, ਐੱਸ.ਡੀ.ਐੱਮ, ਤਹਿਸੀਲਦਾਰ ਦਫ਼ਤਰ ਅਤੇ ਦੂਜੇ ਸਰਕਾਰੀ ਦਫ਼ਤਰਾਂ ਦੇ ਕਰਮਚਾਰੀਆਂ ਨੂੰ ਵਰਦੀ ਪਾ ਕੇ ਆਉਣਾ ਚਾਹੀਦਾ ਹੈ ਕਿਉਂਕਿ ਇਸ ਵਰਗ ਲਈ ਵਰਦੀ ਪਾਉਣ ਦਾ ਕਾਨੂੰਨ ਬਣਾਇਆ ਗਿਆ ਹੈ। ਜਿਸ ਦਾ ਕਰਮਚਾਰੀਆਂ ਨੇ ਪਾਲਣ ਕਰਨਾ ਹੁੰਦਾ ਹੈ ਅਤੇ ਨੇਮ ਪਲੇਟ ਵਾਲਾ ਬੈਚ ਲਗਾਉਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਸਰਕਾਰ ਵੱਲੋਂ ਇਨ੍ਹਾਂ ਕਰਮਚਾਰੀਆਂ ਨੂੰ ਵਰਦੀ ਪਾਉਣ ਅਤੇ ਧੁਲਾਈ ਭੱਤਾ ਵੀ ਦਿੱਤਾ ਜਾਂਦਾ ਹੈ। ਨਗਰ ਪ੍ਰੀਸ਼ਦ ਅਤੇ ਜਨ ਸਿਹਤ ਵਿਭਾਗ ਦੇ ਸਫਾਈ ਕਰਮਚਾਰੀਆਂ ਨੇ ਵੀ ਡਿਊਟੀ ’ਤੇ ਵਰਦੀ ਪਾ ਕੇ ਆਉਣਾ ਹੁੰਦਾ ਹੈ ਪਰ ਇਹ ਵੀ ਵਰਦੀ ਨਹੀਂ ਪਾਉਂਦੇ। ਦਰਜਾਚਾਰ ਦੇ ਪੁਰਸ਼ ਕਰਮਚਾਰੀਆਂ ਨੂੰ ਗਰਮੀ ਦੀ ਵਰਦੀ ਹਰ ਸਾਲ ਬਾਅਦ ਇਕ ਵਾਰ ਟੈਰੀਕਾਟ ਦੀਆਂ ਦੋ ਪੈਂਟਾਂ, ਟੈਰੀਕਾਟ ਦੀਆਂ ਪੂਰੀ ਬਾਜੂ ਵਾਲੀਆਂ ਚਾਰ ਸ਼ਰਟਾਂ, ਪਗੜੀ/ਸਾਫ਼ੇ ਲਈ ਕੱਪੜਾ, ਸਰਦੀ ਵਿਚ ਹਰ ਤਿੰਨ ਸਾਲ ਬਾਅਦ ਇਕ ਗਰਮ ਕੋਟ, ਇਕ ਗਰਮ ਪੈਂਟ ਅਤੇ ਇਕ ਗਰਮ ਕੰਬਲ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਮਹਿਲਾ ਕਰਮਚਾਰੀਆਂ ਨੂੰ ਸਰਦੀ ਵਿਚ ਹਰ ਸਾਲ ਟੈਰੀਕਾਟ ਦੀਆਂ ਦੋ ਸਾੜੀਆਂ, ਦੋ ਬਲਾਊਜ ਅਤੇ ਦੋ ਸੂਤੀ ਪੇਟੀਕੋਟ ਜਾਂ ਸਲਵਾਰ ਕਮੀਜ ਅਤੇ ਸਰਦੀ ਵਿਚ ਹਰ ਸਾਲ ਤਿੰਨ ਸਾਲ ਬਾਅਦ ਇਕ ਗਰਮ ਕੋਟ ਅਤੇ ਇਕ ਗਰਮ ਕੰਬਲ ਦਿੱਤਾ ਜਾਂਦਾ ਹੈ। ਵਾਹਨ ਚਾਲਕਾਂ ਨੂੰ ਗਰਮੀ ਵਿਚ ਹਰ ਸਾਲ ਬਾਅਦ ਟੈਰੀਕਾਟ ਦੀਆਂ ਦੋ ਪੈਂਟਾ, ਚਾਰ ਸ਼ਰਟਾਂ ਅਤੇ ਸਰਦੀ ਵਿਚ ਹਰ ਤਿੰਨ ਸਾਲ ਬਾਅਦ ਇਕ ਗਰਮ ਕੋਟ, ਕੋਟ ਪੈਂਟ ਅਤੇ ਕੰਬਲ, ਬੂਟ, ਇਕ ਛੱਤਰੀ ਦਿੱਤੀ ਜਾਂਦੀ ਹੈ। ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ ਨੇ ਮੁੱਖ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਮੁਕਤਸਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਆਦੇਸ਼ ਜਾਰੀ ਕੀਤੇ ਜਾਣ ਕਿ ਦਫ਼ਤਰਾਂ ਦੇ ਦਰਜਾਚਾਰ ਦੇ ਕਰਮਚਾਰੀ ਡਿਊਟੀ ’ਤੇ ਵਰਦੀ ਪਾ ਕੇ ਆਉਣ ਅਤੇ ਇਨ੍ਹਾਂ ਨੂੰ ਚੈਕ ਵੀ ਕੀਤਾ ਜਾਵੇ ਤਾਂ ਜੋ ਦਫਤਰਾਂ ਵਿਚ ਕੰਮ ਕਰਵਾਉਣ ਲਈ ਆਏ ਆਮ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।