ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ’ਤੇ ਪ੍ਰਤੀ ਏਕੜ 1500 ਰੁਪਏ ਪ੍ਰਾਪਤ ਕਰਨ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 25
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਪੰਜਾਬ ਰਾਜ ਵਿੱਚ ਵੱਡੇ ਪੱਧਰ ਤੇ ਲਾਗੂ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸੰਬੰਧੀ ਸਰਕਾਰ ਵੱਲੋਂ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਣੀ ਹੈ। ਜਿਸ ’ਤੇ ਕਿਸਾਨਾਂ ਵੱਲੋਂ ਕਾਫ਼ੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਇਸ ਸੰਬੰਧੀ ਸ਼੍ਰੀ ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਕੱਦੂ ਕਰਕੇ ਲਗਾਏ ਝੋਨੇ ਦੇ ਮੁਕਾਬਲੇ ਪਾਣੀ, ਬਿਜਲੀ ਅਤੇ ਮਜ਼ਦੂਰੀ ਦੀ ਬੱਚਤ ਹੁੰਦੀ ਹੈ। ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਭੂਮੀਗਤ ਪਾਣੀ ਦਾ ਰੀਚਾਰਜ਼ ਜਿਆਦਾ ਹੁੰਦਾ ਹੈ, ਫਸਲ ਨੂੰ ਬਿਮਾਰੀ ਘੱਟ ਲੱਗਦੀ ਹੈ ਅਤੇ ਪਰਾਲੀ ਦੀ ਸੰਭਾਲ ਕਰਨੀ ਸੌਖੀ ਹੋ ਜਾਂਦੀ ਹੈ। ਸਿੱਧੀ ਬਿਜਾਈ ਵਾਲੇ ਖੇਤ ਵਿੱਚ ਕੱਦੂ ਕਰਕੇ ਲਗਾਏ ਝੋਨੇ ਦੇ ਖੇਤ ਨਾਲੋਂ ਫ਼ਸਲ ਦਾ ਝਾੜ ਤਕਰੀਬਨ ਇੱਕ ਕੁਇੰਟਲ ਪ੍ਰਤੀ ਏਕੜ ਜਿਆਦਾ ਨਿੱਕਲਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਾਲ 2010 ਵਿੱਚ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਸਿਫਾਰਿਸ਼ ਕੀਤੀ ਗਈ ਸੀ। ਪਰ ਇਸ ਤਕਨੀਕ ਨਾਲ ਬੀਜੇ ਝੋਨੇ ਦੇ ਖੇਤ ਵਿਚ ਨਦੀਨਾਂ ਦੀ ਜ਼ਿਆਦਾ ਸਮੱਸਿਆ, ਲੋਹੇ ਦੀ ਘਾਟ ਅਤੇ ਪਾਣੀ ਦੀ ਬੱਚਤ ਵੀ ਘੱਟ ਹੁੰਦੀ ਹੈ। ਇਨ੍ਹਾਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਸਿੱਧੀ ਬਿਜਾਈ ਦੀ ਤਕਨੀਕ ਨੂੰ ਹੋਰ ਸੁਧਾਰ ਕੇ ਸਾਲ 2020 ਵਿੱਚ “ਤਰ ਵੱਤਰ ਖੇਤ ਵਿੱਚ ਸਿੱਧੀ ਬਿਜਾਈ” ਦੀ ਸਿਫ਼ਾਰਸ਼ ਕੀਤੀ ਗਈ।
ਤਰ ਵੱਤਰ ਵਿਧੀ ਵਿੱਚ ਸੁੱਕੇ ਖੇਤ ਵਿੱਚ ਸਿੱਧੀ ਬਿਜਾਈ ਨਾਲੋਂ ਮੁੱਖ ਫ਼ਰਕ ਇਹ ਹੈ ਕਿ ਤਰ ਵੱਤਰ ਵਾਲੇ ਖੇਤ ਵਿੱਚ ਬਿਜਾਈ ਕਰਕੇ ਪਹਿਲਾ ਪਾਣੀ ਤਕਰੀਬਨ ਤਿੰਨ ਹਫ਼ਤੇ ਬਾਅਦ ਲਗਾਇਆ ਜਾਂਦਾ ਹੈ। ਜਿਸ ਦੇ ਕਈ ਫਾਇਦੇ ਹਨ, ਜਿਵੇਂ ਕਿ ਪਾਣੀ ਦੀ 15-20 ਪ੍ਰਤੀਸ਼ਤ ਬੱਚਤ, ਨਦੀਨਾਂ ਦੀ ਸਮੱਸਿਆ ਘੱਟ ਹੋਣਾ, ਜੜ੍ਹਾਂ ਜਿਆਦਾ ਡੂੰਘੀਆਂ ਜਾਣ ਕਰਕੇ ਤੱਤਾਂ ਖਾਸ ਕਰਕੇ ਲੋਹੇ ਦੀ ਘਾਟ ਬਹੁਤ ਘੱਟ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2023-24 ਦੌਰਾਨ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਲਈ https://agrimachinerypb.com/ home/DSR23Department ਲਿੰਕ ਖੋਲ੍ਹ ਕੇ ਆਪਣਾ ਅਧਾਰ ਕਾਰਡ ਨੰਬਰ ਅਤੇ ਜ਼ਮੀਨ ਸੰਬੰਧੀ ਜਾਣਕਾਰੀ ਪੋਰਟਲ ’ਤੇ ਭਰਨ ਉਪਰੰਤ ਰਜਿਸਟ੍ਰੇਸ਼ਨ ਕਰ ਸਕਦੇ ਹਨ। ਪੋਰਟਲ ’ਤੇ ਅਪਲਾਈ ਕਰਨ ਲਈ ਕਿਸਾਨ ਨੂੰ ਆਪਣੀ ਜ਼ਮੀਨ ਦੇ ਖੇਵਟ ਨੰਬਰ/ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ ਦੇਣੀ ਹੋਵੇਗੀ। ਸਿੱਧੀ ਬਿਜਾਈ ਵਾਲੇ ਰਕਬੇ ਨੂੰ ਵੈਰੀਫਾਈ ਕਰਨ ਲਈ ਪਿੰਡ ਪੱਧਰ ਤੇ ਵੈਰੀਫਾਈਡ ਅਫ਼ਸਰ ਨਿਯੁਕਤ ਕੀਤੇ ਜਾ ਰਹੇ ਹਨ, ਜੋ ਕਿ ਮਾਲ ਵਿਭਾਗ ਦੀ ਮੱਦਦ ਨਾਲ ਰਕਬੇ ਦੀ ਪੜਤਾਲ ਕਰਨਗੇ। ਇਸ ਪੜਤਾਲ ਤੋਂ ਬਾਅਦ ਹੀ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਜਾਰੀ ਕੀਤੀ ਜਾਵੇਗੀ। ਪੋਰਟਲ ’ਤੇ ਅਪਲਾਈ ਕਰਨ ਦੀ ਆਖ਼ਰੀ ਮਿਤੀ 25 ਜੂਨ 2023 ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਜੇਕਰ ਪੋਰਟਲ ’ਤੇ ਅਪਲਾਈ ਕਰਨ ਸਮੇਂ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਬੰਧਤ ਖੇਤੀਬਾੜੀ ਵਿਕਾਸ/ਵਿਸਥਾਰ ਅਫ਼ਸਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ। Author: Malout Live