ਕੋਵਿਡ ਐਪ ਨੂੰ ਜਿ਼ਲੇ ਵਿੱਚ ਮਿਲ ਰਿਹਾ ਭਰਵਾਂ ਹੁੰਗਾਰਾ, ਡੀ ਸੀ ਮੁਕਤਸਰ
ਸ੍ਰੀ ਮੁਕਤਸਰ ਸਾਹਿਬ :- ਕੋਵਿਡ 19 ਦੇ ਵਧ ਰਹੇ ਪ੍ਰਕੋਪ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਕੋਵਾ ਐਪ ਦਾ ਜਿ਼ਲੇ ਦੇ ਵਸਨੀਕਾਂ ਵੱਲੋਂ ਵੱਧ ਤੋਂ ਵੱਧ ਲਾਹਾ ਲਿਆ ਜਾ ਰਿਹਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਐਮ ਕੇ ਅਰਾਵਿੰਦ ਕੁਮਾਰ ਨੇ ਦੱਸਿਆ ਕਿ ਜਿ਼ਲੇ ਵਿੱਚ ਤਕਰੀਬਨ 7,000 ਵਿਅਕਤੀ ਇਸ ਐਪ ਦਾ ਇਸਤੇਮਾਲ ਕਰ ਰਹੇ ਹਨ ਅਤੇ 4500 ਵਿਅਕਤੀਆਂ ਵੱਲੋਂ ਇਸ ਐਪ ਉੱਤੇ ਲਗਾਤਾਰ ਜਾਗਰੂਕਤਾ ਸਬੰਧੀ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਆਮ ਲੋਕਾਂ ਤੋਂ ਇਲਾਵਾ ਸਰਕਾਰ ਦੇ ਨੁਮਾਇੰਦੇ ਵੀ ਇਸ ਐਪ ਤੇ ਫੋਟੋਆਂ ਅਤੇ ਵੀਡੀਓ ਪਾ ਕੇ ਹੋਰ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ । ਇਸ ਸਬੰਧੀ ਹੋਰ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਹਸਤਾਖਰਾਂ ਵਾਲਾ ਇੱਕ ਸਰਟੀਫਿਕੇਟ ਉਨ੍ਹਾਂ ਲੋਕਾਂ ਨੂੰ ਹੌਸਲਾ ਅਫਜ਼ਾਈ ਲਈ ਦਿੱਤਾ ਜਾਂਦਾ ਹੈ ਜੋ ਇਸ ਐਪ ਸਬੰਧੀ ਜਾਣਕਾਰੀ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਦਿੰਦੇ ਹਨ ਅਤੇ ਇਸ ਐਪ ਨੂੰ ਡਾਉਨਲੋਡ ਕਰਨ ਲਈ ਹੋਰ ਵਿਅਕਤੀਆਂ ਨੂੰ ਉਤਸਾਹਤ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਵੱਧ ਤੋ ਵੱਧ ਡਾਉਨਲੋਡ ਕਰਵਾ ਕੇ ਸਿਲਵਰ ਮੈਡਲ ਜਿੱਤਣ ਵਾਲੇ ਵਿਅਕਤੀਆਂ ਦੀ ਗਿਣਤੀ ਜਿ਼ਲੇ ਵਿੱਚ 4 ਹੈ ਅਤੇ ਬੋ੍ਰਂਨਜ਼ ਮੈਡਲ ਜਿੱਤਣ ਵਾਲਿਆਂ ਦੀ ਗਿਣਤੀ 17 ਹੋ ਗਈ ਹੈ । ਉਨਾਂ੍ਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਐਪ ਰਾਹੀਂ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਚੁੱਕਣ ਅਤੇ ਹੋਰ ਲੋਕਾਂ ਨੂੰ ਵੀ ਇਸ ਐਪ ਨੂੰ ਡਾਉਨਲੋਡ ਕਰਨ ਲਈ ਪ੍ਰੇਰਿਤ ਕਰਨ ।