ਨਰਮਾ ਬੀਜਣ ਵਾਲੇ ਕਿਸਾਨਾਂ ਲਈ ਸਰਕਾਰ ਵੱਲੋਂ ਦਿੱਤੀ ਜਾਵੇਗੀ ਵਿਸ਼ੇਸ਼ ਸਹਾਇਤਾ, ਪੜੋ ਪੂਰੀ ਖਬਰ

ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਹਿਮ ਕਦਮ ਚੁੱਕਦਿਆਂ ਇਸ ਵਾਰ ਨਰਮੇਂ ਦੇ ਬੀ.ਟੀ ਬੀਜ਼ ਤੇ ਬੀਜ਼ ਦੀ ਕੁੱਲ ਕੀਮਤ ਦਾ 33 ਪ੍ਰਤੀਸ਼ਤ ਹਿੱਸਾ ਸਬਸਿਡੀ ਦਿੱਤੀ ਜਾ ਰਹੀ ਹੈ। ਇਹ ਸਬਸਿਡੀ ਕੇਵਲ ਪੀ.ਏ.ਯੂ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਤੇ ਹੀ ਮਿਲੇਗੀ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਖੇਤੀਬਾੜੀ ਮੰਤਰੀ ਪੰਜਾਬ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਯੋਗ ਅਗਵਾਈ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਅਤੇ ਫ਼ਸਲੀ ਵਿਭਿੰਨਤਾ ਅਧੀਨ ਨਰਮਾ ਪੱਟੀ ਵਾਲੇ ਜਿਲ੍ਹਿਆਂ ਵਿੱਚ ਨਰਮੇ ਦੀ ਫਸਲ ਨੂੰ ਮੁੜ ਸੁਰਜੀਤ ਕਰਨ ਲਈ ਅਤੇ ਕਿਸਾਨਾਂ ਨੂੰ ਨਰਮੇ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਨੇ ਜਿਲ੍ਹੇ ਦੇ ਪਿੰਡ ਸ਼੍ਰੀ ਮੁਕਤਸਰ ਸਾਹਿਬ ਦਿਹਾਤੀ ਵਿਖੇ ਕਿਸਾਨ ਸ਼੍ਰੀ ਭਿੰਦਰ ਸਿੰਘ ਦੇ ਖੇਤ ਵਿਖੇ ਨਰਮੇਂ ਦੀ ਬਿਜਾਈ ਹੁੰਦਿਆਂ ਮੌਕੇ ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਹਿਮ ਕਦਮ ਚੁੱਕਦਿਆਂ ਇਸ ਵਾਰ ਨਰਮੇਂ ਦੇ ਬੀ.ਟੀ ਬੀਜ਼ ਤੇ ਬੀਜ਼ ਦੀ ਕੁੱਲ ਕੀਮਤ ਦਾ 33 ਪ੍ਰਤੀਸ਼ਤ ਹਿੱਸਾ ਸਬਸਿਡੀ ਦਿੱਤੀ ਜਾ ਰਹੀ ਹੈ।

ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ ਜਾਂ 10 ਬੀ.ਟੀ ਬੀਜ਼ ਦੇ ਪੈਕੇਟਾਂ ਤੇ ਹੀ ਸਬਸਿਡੀ ਮਿਲੇਗੀ। ਇਹ ਸਬਸਿਡੀ ਕੇਵਲ ਪੀ.ਏ.ਯੂ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਤੇ ਹੀ ਮਿਲੇਗੀ। ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨ ਸਬਸਿਡੀ ਪ੍ਰਾਪਤ ਕਰਨ ਲਈ www.agrimachinerypb.com ਪੋਰਟਲ ਉਪਰ 31 ਮਈ ਤੱਕ ਅਪਲਾਈ ਕਰ ਸਕਦੇ ਹਨ। ਸਬਸਿਡੀ ਲਈ ਅਪਲਾਈ ਕਰਨ ਸਮੇਂ ਜੇਕਰ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਸੰਬੰਧਿਤ ਬਲਾਕ ਖੇਤੀਬਾੜੀ ਅਫ਼ਸਰ, ਖੇਤੀਬਾੜੀ ਵਿਕਾਸ/ ਵਿਸਥਾਰ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Author : Malout Live