ਦੇਸ਼ ਦੀ ਪਹਿਲੀ ਹਸਪਤਾਲ ਟਰੇਨ ਪੁੱਜੀ ਮੁੰਬਈ, 12 ਲੱਖ ਮਰੀਜ਼ਾਂ ਦਾ ਕਰ ਚੁਕੀ ਹੈ ਇਲਾਜ
ਮੁੰਬਈ:- ਦੇਸ਼ ਦੀ ਪਹਿਲੀ ਹਸਪਤਾਲ ਟਰੇਨ ਲਾਈਫਲਾਈਨ ਐਕਸਪ੍ਰੈੱਸ ਵੀਰਵਾਰ ਨੂੰ ਮੁੰਬਈ ਦੇ ਸ਼ਿਵਾਜੀ ਮਹਾਰਾਜ ਟਰਮਿਨਸ ਪਹੁੰਚੀ। ਲਾਈਫਲਾਈਨ ਐਕਸਪ੍ਰੈੱਸ ਪੂਰੇ ਦੇਸ਼ ’ਚ ਹੁਣ ਤੱਕ 12 ਲੱਖ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾ ਚੁਕੀ ਹੈ ਅਤੇ ਇਸ ਦੀ ਸ਼ੁਰੂਆਤ 1991 ’ਚ ਹੋਈ ਸੀ। ਟਰੇਨ ਦਾ ਨਾਂ ਲਾਈਫਲਾਈਨ ਐਕਸਪ੍ਰੈੱਸ ਇਸ ਲਈ ਹੈ, ਕਿਉਂਕਿ ਇਹ ਇਕ ਤੁਰਦਾ-ਫਿਰਦਾ ਹਸਪਤਾਲ ਹੈ। ਲਾਈਫਲਾਈਨ ਐਕਸਪ੍ਰੈੱਸ ਇਕ ਸਿਸਟਮ ਦੇ ਅਧੀਨ ਕੰਮ ਕਰਦੀ ਹੈ। ਪਹਿਲਾਂ ਮਰੀਜ਼ ਲਈ ਇਕ ਯੋਜਨਾ ਬਣਾਈ ਜਾਂਦੀ ਹੈ, ਫਿਰ ਇਸ ਟਰੇਨ ’ਚ ਇਲਾਜ ਲਈ ਮਰੀਜ਼ਾਂ ਨੂੰ ਤਾਰੀਕ ਦਿੱਤੀ ਜਾਂਦੀ ਹੈ। ਤੈਅ ਸਮੇਂ ’ਤੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਕਈ ਵੱਡੀਆਂ ਕੰਪਨੀਆਂ ਮਰੀਜ਼ਾਂ ਦੇ ਇਲਾਜ ’ਚ ਸਹਿਯੋਗ ਦਿੰਦੀਆਂ ਹਨ ਅਤੇ ਮਰੀਜ਼ਾਂ ਤੋਂ ਕਿਸੇ ਤਰ੍ਹਾਂ ਦੀ ਫੀਸ ਨਹੀਂ ਲਈ ਜਾਂਦੀ ਹੈ। ਲਾਈਫਲਾਈਨ ਐਕਸਪ੍ਰੈੱਸ ਨੇ ਹੁਣ ਤੱਕ ਭਾਰਤ ਦੇ 19 ਰਾਜਾਂ ਦੀ ਯਾਤਰਾ ਕੀਤੀ ਹੈ ਅਤੇ 138 ਜ਼ਿਲਿਆਂ ’ਚੋਂ 201 ਪੇਂਡੂ ਥਾਂਵਾਂ ਦਾ ਦੌਰਾ ਕੀਤਾ ਹੈ। ਜੀਵਨਰੇਖਾ ਐਕਸਪ੍ਰੈੱਸ ਇਮਪੈਕਟ ਇੰਡੀਆ ਫਾਊਂਡੇਸ਼ਨ, ਭਾਰਤੀ ਰੇਲਵੇ ਅਤੇ ਸਿਹਤ ਮੰਤਰਾਲੇ ਦੀ ਭਾਗੀਦਾਰੀ ਨਾਲ ਚੱਲਦੀ ਹੈ। ਟਰੇਨ ਨੂੰ ਆਈ.ਆਈ.ਐੱਫ. (ਇੰਟਰਨੈਸ਼ਨਲ ਚੈਰੀਟੇਬਲ ਸੋਰਸ) ਅਤੇ ਕਈ ਲੋਕਾਂ ਵਲੋਂ ਫੰਡ ਦਿੱਤਾ ਜਾਂਦਾ ਹੈ। ਇਸ ਟਰੇਨ ਨੇ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ’ਚ ਆਪਣੀ ਛਾਪ ਛੱਡੀ ਹੈ ਅਤੇ ਪ੍ਰੇਰਨਾ ਦਿੱਤੀ ਹੈ। ਅਪਾਹਜ ਬਾਲਗਾਂ ਅਤੇ ਬੱਚਿਆਂ ਲਈ ਆਨ ਦਿ ਸਪਾਟ ਇਲਾਜ ਪ੍ਰਦਾਨ ਕਰਨ ਲਈ ਲਾਈਫਲਾਈਨ ਐਕਸਪ੍ਰੈੱਸ ਸ਼ੁਰੂ ਕੀਤੀ ਗਈ ਸੀ।